ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਅੱਜ ਦੁਪਹਿਰੇ ਬਨੂੜ ਨੇੜਲੇ ਪਿੰਡ ਬੁੱਢਣਪੁਰ ਵਿਖੇ ਪਿੰਡ ਵਾਸੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਰਨ ਵਾਲਿਆਂ ਨੇ ਕਾਂਗਰਸੀ ਵਿਧਾਇਕ ਦੀ ਗੱਡੀ ਘੇਰ ਲਈ। ਵਿਰੋਧ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਬੱਚੇ, ਬਜੁਰਗ ਤੇ ਮਹਿਲਾਵਾਂ ਸ਼ਾਮਲ ਸਨ। ਸਾਰਿਆਂ ਦੇ ਹੱਥਾਂ ਵਿੱਚ ਕਾਲੇ ਅਤੇ ਕਿਸਾਨੀ ਸੰਘਰਸ਼ ਨਾਲ ਸਬੰਧਤ ਝੰਡੇ ਚੁੱਕੇ ਹੋਏ ਸਨ। ਉਨ੍ਹਾਂ ਹਰਦਿਆਲ ਕੰਬੋਜ ਗੋ ਬੈਕ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਲਾਏ।
ਵਿਰੋਧ ਕਰਨ ਵਾਲਿਆਂ ਨੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਭਵਿੱਖ ਵਿੱਚ ਵੀ ਕਿਸੇ ਵੀ ਰਾਜਸੀ ਆਗੂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ ਤੇ ਵਿਰੋਧ ਕਰਦੇ ਰਹਿਣਗੇ। ਵਿਰੋਧ ਕਾਰਨ ਸ੍ਰੀ ਕੰਬੋਜ ਨੇ ਕਾਹਲੀ ਕਾਹਲੀ ਆਪਣਾ ਪ੍ਰੋਗਰਾਮ ਸਮੇਟਿਆ ਤੇ ਪੁਲੀਸ ਦੇ ਸਹਿਯੋਗ ਨਾਲ ਭੀੜ ਵਿੱਚੋਂ ਨਿਕਲ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਬਨੂੜ ਪੁਲੀਸ ਦੇ ਮੁਲਾਜ਼ਮ ਤਾਇਨਾਤ ਸਨ।