ਵਟਸਐਪ ਨੇ ਜੂਨ 2022 ਦੌਰਾਨ 22 ਲੱਖ ਤੋਂ ਵੱਧ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਗਾਈ ਹੈ। ਮੇਟਾ ਦੀ ਮਲਕੀਅਤ ਵਾਲੇ ਸੰਦੇਸ਼ ਮੰਚ ਨੇ ਯੂਜ਼ਰਸ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਅਤੇ ਉਲੰਘਣਾਵਾਂ ਦਾ ਪਤਾ ਲਗਾਉਣ ਲਈ ਆਪਣੇ ਖੁਦ ਦੇ ਸਿਸਟਮ ਦੇ ਮਾਧਿਅਮ ਰਾਹੀਂ ਇਹ ਕਾਰਵਾਈ ਕੀਤੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਮਈ ’ਚ 19 ਲੱਖ, ਅਪ੍ਰੈਲ ’ਚ 16 ਲੱਖ ਅਤੇ ਮਾਰਚ ’ਚ 18.05 ਲੱਖ ਖਾਤਿਆਂ ’ਤੇ ਪਾਬੰਦੀ ਲਗਾਈ ਸੀ।
ਪਿਛਲੇ ਸਾਲ ਲਾਗੂ ਹੋਏ ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਦੇ ਤਹਿਤ ਵੱਡੇ ਡਿਜੀਟਲ ਮੰਚ (50 ਲੱਖ ਤੋਂ ਵੱਧ ਯੂਜ਼ਰਸ ਵਾਲੇ) ਨੂੰ ਹਰ ਮਹੀਨੇ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨਾ, ਪ੍ਰਾਪਤ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਵਾਈ ਦੇ ਵੇਰਵੇ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਵਟਸਐਪ ਦੇ ਬੁਲਾਰੇ ਨੇ ਤਾਜ਼ਾ ਮਾਸਿਕ ਰਿਪੋਰਟ ’ਚ ਕਿਹਾ ਕਿ ਕੰਪਨੀ ਨੇ ਜੂਨ ਮਹੀਨੇ ਦੌਰਾਨ 22 ਲੱਖ ਖਾਤਿਆਂ ਨੂੰ ਬੰਦ ਕੀਤਾ।
ਵਟਸਐਪ ਦੇ ਬੁਲਾਰੇ ਮੁਤਾਬਕ, ‘ਵਟਸਐਪ ਅਸ਼ਲੀਲਤਾ ਦੇ ਸਖ਼ਤ ਖਿਲਾਫ ਹੈ। ਅਸੀਂ ਯੂਜ਼ਰਸ ਅਤੇ ਉਸਦੇ ਡਾਟਾ ਦੀ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਆਰਟ ਤਕਨਾਲੋਜੀ, ਡਾਟਾ ਸਾਇੰਟਿਸਟ ਅਤੇ ਐਕਸਪਰਟ ’ਤੇ ਲਗਾਤਾਰ ਕੰਮ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਲੇਟਫਾਰਮ ’ਤੇ ਯੂਜ਼ਰਸ ਸੁਰੱਖਿਅਤ ਮਹਿਸੂਸ ਕਰਨ।’