ਐਸਵਾਈਐੱਲ ਦੇ ਮੁੱਦੇ ‘ਤੇ 14 ਅਕਤੂਬਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਦੀ ਮੇਜ਼ਬਾਨੀ ਹਰਿਆਣਾ ਸਰਕਾਰ ਕਰੇਗੀ ਜਿਸ ਕਰਕੇ ਹਰਿਆਣਾ ਸਰਕਾਰ ਵਲੋਂ ਹੀ ਸਾਰੇ ਇੰਤਜ਼ਾਮ ਕੀਤੇ ਜਾਣਗੇ।ਚੰਡੀਗੜ੍ਹ ਵਿਖੇ ਸਥਿਤ ਹਰਿਆਣਾ ਨਿਵਾਸ ‘ਚ ਇਹ ਮੀਟਿੰਗ ਕੀਤੀ ਜਾਵੇਗੀ।ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੀਟਿੰਗ ਲਈ ਹਰਿਆਣਾ ਕੋਲ ਜਾਣਗੇ।ਐਸਵਾਈਐਲ ਮੁੱਦੇ ‘ਤੇ ਦੋਵਾਂ ਸੂਬਿਆਂ ਵਿਚਾਲੇ ਕਾਫੀ ਜਿਆਦਾ ਵਿਵਾਦ ਰਿਹਾ ਹੈ।ਦੋਵਾਂ ਸੂਬਿਆਂ ਵਿਚਾਲੇ ਮੀਟਿੰਗਾਂ ਹੋਈਆਂ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ।
ਪਿਛਲੇ ਦੋ ਸਾਲਾਂ ਦੌਰਾਨ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਹੋਈਆਂ ਮੀਟਿੰਗਾਂ ‘ਚ ਕੇਂਦਰ ਹੀ ਮੇਜ਼ਬਾਨੀ ਕਰਦਾ ਆਇਆ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਐਸਵਾਈਐਲ ਮੁੱਦੇ ‘ਤੇ ਹਰਿਆਣਾ ਮੇਜ਼ਬਾਨੀ ਕਰਦਾ ਨਜ਼ਰ ਆਏਗਾ ਤੇ ਇਸ ਮੀਟਿੰਗ ਲਈ ਕੋਈ ਸਾਂਝੀ ਥਾਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ।ਇਸ ਮੀਟਿੰਗ ਬਾਰੇ ਮੁੱਖ ਭਗਵੰਤ ਮਾਨ ਨਾਲ ਜੁੜੇ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਹਰਿਆਣਾ ਹੀ ਮੇਜ਼ਬਾਨੀ ਕਰੇਗਾ ਤੇ ਇਸ ‘ਚ ਪੰਜਾਬ ਨੂੰ ਕੋਈ ਇਤਰਾਜ਼ ਵੀ ਨਹੀਂ ਹੈ।
ਇਸ ਲਈ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ‘ਚ ਮੀਟਿੰਗ ਕਰਨ ਸਬੰਧੀ ਪੰਜਾਬ ਵਲੋਂ ਹਾਮੀ ਵੀ ਭਰੀ ਗਈ ਹੈ।ਜਾਣਕਾਰੀ ਅਨੁਸਾਰ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਸਬੰਧੀ ਹਰਿਆਣਾ ਨੇ ਹਮੇਸ਼ਾ ਹੀ ਪੰਜਾਬ ਨੂੰ ਘੇਰਿਆ ਹੈ ਕਿ ਉਹ ਹਰਿਆਣਾ ਦੇ ਹਿੱਸੇ ਦੇ ਪਾਣੀ ਨਹੀਂ ਦੇ ਰਿਹਾ ਹੈ ਤੇ ਪੰਜਾਬ ਵਲੋਂ ਵੀਪਾਣੀ ਨਾ ਦੇਣ ਸਬੰਧੀ ਹਰ ਵਾਰ ਆਪਣਾ ਸਟੈਂਡ ਰੱਖਿਆ ਗਿਆ ਹੈ।ਦੋਵੇਂ ਸੂਬੇ ਦੇ ਮੁਖ ਮੰਤਰੀ ਵੀ ਇਸ ਮੁੱਦੇ ਨੂੰ ਲੈ ਕੇ ਹਮੇਸ਼ਾ ਹੀ ਸਖਤ ਰਹੇ ਹਨ।