ਗੁਰਪ੍ਰੀਤ ਸਿੰਘ ਮੰਡਿਆਣੀ ਦੀ ਕਲਮ ਤੋਂ
ਪੰਜਾਬ ਦੇ ਪਿੰਡਾਂ ‘ਚ ਜਦ ਕੋਈ ਮੁੰਡਾ ਮੋਟਰ ਸਾਇਕਲ ਚਲਾਉਣ ਜੋਗਾ ਹੋ ਜਾਂਦਾ ਹੈ ਤਾਂ ਉਸਦੀ ਪਹਿਲੀ ਤੰਮਨਾ ਮੋਟਰ ਸਾਇਕਲ ਲੈਣ ਦੀ ਹੁੰਦੀ ਹੈ। ਜੇ ਬਾਪੂ ਮਹਿੰਗੇ ਮੋਟਰ ਸਾਇਕਲ ਦੀ ਫਰਮਾਇਸ਼ ਪੂਰੀ ਕਰਨ ਜੋਗਾ ਹੋਵੇ ਤਾਂ ਬੁਲਟ ਹੀ ਮੰਗਿਆ ਜਾਂਦਾ ਹੈ। ਜੇ ਬੁਲਟ ਮਿਲ ਜਾਵੇ ਤਾਂ ਇਸ ‘ਤੇ ਬੈਠੇ ਦੀ ਫੋਟੋ ਮੁੰਡੇ ਆਪਣੀ ਫੇਸਬੁੱਕ ‘ਤੇ ਪਾਉਂਦੇ ਨੇ। ਨਾਲ ਦੀ ਨਾਲ ਵਧਾਈਆਂ ਅਤੇ ਪਾਰਟੀ ਮੰਗਣ ਵਾਲੇ ਕੁਮੈਂਟ ਧੜਾ-ਧੜ ਪੋਸਟ ਹੋ ਜਾਂਦੇ ਨੇ।
ਅੱਜ ਵੀ ਫੇਸਬੁੱਸ ‘ਤੇ ਇੱਕ ਫੋਟੋ ਦੇਖਣ ਨੂੰ ਮਿਲੀ ਜੀਹਦੇ ‘ਚ ਇੱਕ ਮੁੱਢ-ਫੁੱਟ ਗੱਭਰੂ ਨਵੇਂ ਖਰੀਦੇ ਬੁਲਟ ਮੋਟਰ ਸਾਇਕਲ ‘ਤੇ ਬੈਠਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਓਸਦਾ ਬਾਪੂ ਖੜ੍ਹਾ ਹੈ। ਸਿਰਲੇਖ ਹੈ- ‘ਦਾਦੇ ਪੜਦਾਦੇ ਦਿ ਕਮਾਈ ਚੋਂ ਪਿਓ ਵਲੋਂ ਪੁੱਤ ਨੂੰ ਦਿੱਤਾ ਗਿਆ ਤੋਹਫਾ… Royal Enfield’ ਇਹ ਫੋਟੋ ਮਲੇਰਕੋਟਲਾ ਜ਼ਿਲ੍ਹੇ ਦੇ ਇੱਖ ਕਿਸਾਨ ਸੁਖਜਿੰਦਰ ਸਿੰਘ ਝੱਲ ਨੇ ਆਪਦੀ ਫੇਸਬੁੱਕ ‘ਤੇ ਚਾੜੀ ਹੈ। ਇਹ ਫੋਟੋ ਵੇਖਣ ਸਾਰ ਹੀ ਮੈਨੂੰ ਆਪਣੇ ਵੇਲੇ ਦੇ ਬੁਲਟਾਂ ਦਾ ਖਿਆਲ ਆਇਆ। ਉਦੋਂ ਬੁਲਟ ਟਾਵੇਂ-ਟੱਲਿਆ ਕੋਲ ਹੁੰਦੇ ਸੀ। ਪਰ 1972 ‘ਚ ਪੰਜਾਬ ‘ਚ ਹੋਏ ਝੋਨੇ ਦੀ ਆਮਦ ਨਾਲ ਬੁਲਟ ਕਾਫ਼ੀ ਗਿਣਤੀ ‘ਚ ਖਰੀਦੇ ਜਾਣ ਲੱਗੇ। ਬੁਲਟ ਮੋਟਰ ਸਾਇਕਲ ਬਣਾਉਣ ਵਾਲੀ ਕੰਪਮੀ ਰਾਇਲ ਐਨ ਫੀਲਡ ਸੀ, ਬੁਲਟ ਤਾਂ ਮੋਟਰ ਸਾਇਕਲ ਦੇ ਮਾਡਲ ਦਾ ਨਾਂ ਸੀ। ਜਿਵੇਂ ਮਾਰੂਤੀ ਸਜ਼ੂਕੀ ਕੰਪਨੀ ਦੀ ਜ਼ੈਨ, ਆਲਟੇ ਅਤੇ ਸਵੀਫਟ ਮਾਡਲਾਂ ਦੇ ਨਾਂਅ ਹਨ। 1970 ਵੇਲੇ ਇੰਡੀਆ ‘ਚ ਰਾਇਲ ਐਨਫੀਲਡ ਕੰਪਨੀ ਦਾ ਨਾਂ ਇੰਨ ਫੀਲਡ ਇੰਡੀਆ ਹੋ ਗਿਆ ਤਾਂ ਬੁਲਟ ਨੂੰ ਇਨਫੀਲਡ ਕਿਹਾ ਜਾਣ ਲੱਗਿਆ। ਹੁਣ ਕੁਝ ਸਮਾਂ ਪਹਿਲਾਂ ਤੋਂ ਇਹ ਕੰਪਨੀ ਫਿਰ ਤੋਂ ਰਾਇਲ ਐਨ ਫੀਲਡ ਦੇ ਨਾਂ ਤੋਂ ਇੰਡੀਆ ‘ਚ ਕੰਮ ਕਰਨ ਲੱਗੀ ਹੈ।
ਉਨ੍ਹਾਂ ਵੇਲਿਆਂ ‘ਚ ਇਹ ਰਾਜਦੂਤ ਮੋਟਰ ਸਾਇਕਲ ਹੁੰਦਾ ਸੀ ਤੇ ਦੂਜਾ ਜਾਵਾ (ਜੈਜ਼ਦੀ)। ਇਹ ਦੋਵੇਂ ਬੁਲਟ ਤੋਂ ਸਸਤੇ ਵੀ ਸਨ ਅਤੇ ਛੋਟੇ ਵੀ। ਦੁੱਗ-ਦੁੱਗ ਕਰਦੇ ਬੁਲਟ ਦੀ ਵੱਧ ਟੋਹਰ ਸੀ, ਦੂਜੇ ਮੋਟਰ ਸਾਇਕਲ ਪਿਟਰ-ਪਿਟਰ ਕਰਦੇ ਸੀ। ਰਾਹ-ਖਹਿੜੇ ਕੱਚੇ ਹੋਣ ਕਰਕੇ ਸਕੂਟਰਾਂ ਦਾ ਬੋਲ ਬਾਲਾ ਘੱਟ ਸੀ। ਸਕੂਟਰ ਜ਼ਿਆਦਾਤਰ 1980 ਤੋਂ ਆਉਣੇ ਸ਼ੁਰੂ ਹੋਏ। ਬਜਾਜ਼ ਕੰਪਨੀ ਦਾ ਚੇਤਕ ਸਕੂਟਰ ਉਦੋਂ ਡਾਲਰਾਂ ‘ਚ ਮਿਲਦਾ ਸੀ। ਡਾਲਰ ਜਮਾਂ ਕਰਾ ਕੇ ਬੁੱਕ ਕਰਵਾਉਣਾ ਪੈਂਦਾ ਸੀ ਤੇ ਫਿਰ 5-7 ਸਾਲ ਬਾਅਦ ਇਹਦਾ ਨੰਬਰ ਆਉਂਦਾ ਸੀ। 1982 ‘ਚ ਕੰਟਰੋਲ ਰੇਟ ‘ਚ ਚੇਟਕ ਦਾ ਮੁੱਲ 8200 ਰੁਪਏ ਸੀ। ਜੇ ਜਦੇ ਲੈਣਾ ਹੋਵਾ ਤਾਂ ਬਲੈਕ ‘ਚ ਇਹ 16000 ਰੁਪਏ ਦਾ ਮਿਲਦਾ ਸੀ। ਸਾਰੇ ਪੰਜਾਬ ‘ਚ ਇੱਕੋ ਇੱਕ ਸਕੂਟਰਾਂ ਦੀ ਹੱਟੀ ਜਲੰਧਰ ‘ਚ ਪੀਐਸ ਜੈਨ ਵਾਲਿਆਂ ਦੀ ਸੀ।
ਹਾਂ! ਗੱਲ ਬੁਲਟ ਦੀ ਕਰੀਏ ਤਾਂ ਅੱਜ-ਕੱਲ੍ਹ ਸ਼ਾਇਦ ਹੀ ਕਿਸੇ ਮੁੰਡੇ ਨੂੰ ਇਹ ਪਤਾ ਹੋਣਾ ਹੈ ਕਿ ਬੁਲਟ ਮੋਟਰ ਸਾਇਕਲ ਲਗਪਗ 13-14 ਵਰ੍ਹੇ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਰਿਲਾ ਸੀ। 1981 ‘ਚ ਸ਼ੁਰੂ ਹੋਏ ਖਾੜਕੂਵਾਦ ਦੇ ਦੌਰ ਨੇ ਬੁਲਟ ਮੋਟਰਸਾਇਕਲਾਂ ਦੀ ਖੂਬ ਵਰਤੋਂ ਕੀਤੀ। 9 ਸਤੰਬਰ 1981 ਨੂੰ ਲੁਧਿਆਣਾ ਨੇੜੇ ਜੱਗ ਬਾਣੀ ਅਖ਼ਬਾਰ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਹੋਏ ਕਲਤ ‘ਚ ਖਾੜਕੂਆਂ ਨੇ ਬੁਲਟ ਮੋਟਰ ਸਾਇਕਲ ਦੀ ਪਹਿਲੀ ਵਾਰ ਵਰਤੋਂ ਕੀਤੀ। ਉਸ ਤੋਂ ਬਾਅਦ ਹੋਏ ਬਹੁਤ ਸਾਰੇ ਗੋਲੀਕਾਂਡ ‘ਚ ਵੀ ਬੁਲਟ ਦੀ ਹੀ ਵਰਤੋਂ ਕੀਤੀ ਗਈ। ਉਦੋਂ ਪੰਜਾਬ ‘ਚ ਮੁੱਖ ਮੰਤਰੀ ਦਰਬਾਰਾ ਸਿੰਘ ਸਰਕਾਰ ਹੁੰਦੀ ਸੀ। ਪੰਜਾਬ ਸਰਕਾਰ ਨੇ ਬੁਲਟਾਂ ‘ਤੇ ਚੜ੍ਹਦੇ ਖਾੜਕੂਆਂ ਦਾ ਪਿੱਛਾ ਕਰਨ ਲਈ ਪੰਜਾਬ ਪੁਲਿਸ ਨੂੰ ਨਵੇਂ ਬੁਲਟ ਮੋਟਰਸਾਇਕਲ ਖਰੀਦ ਕੇ ਦਿੱਤੇ। ਜਦੋਂ ਬੁਲਟ ਮੋਟਰ ਸਾਇਕਲਾਂ ਵਾਲੇ ਖਾੜਕੂ ਫਿਰ ਵੀ ਕਾਬੂ ਨਹੀਂ ਆਏ ਤਂ ਸਰਕਾਰ ਨੇ ਬਾਵਰਦੀ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਸਭ ਵਾਸਤੇ ਸਾਢੇ ਤਿੰਨ ਹਾਰਸ ਪਾਵਰ ਵਾਲੇ ਮੋਟਰ ਸਾਇਕਲ ਚਲਾਉਣ ‘ਤੇ ਪਾਬੰਦੀ ਲਾ ਦਿੱਤੀ। ਸਾਢੇ ਤਿੰਨ ਹਾਰਸ ਪਾਵਰ ਵਾਲੀ ਜੱਦ ‘ਚ ਬੁਲਟ ਵੀ ਮੋਟਰ ਸਾਇਕਲ ਆਉਂਦਾ ਸੀ। ਜਦੋਂ ਕਿ ਦੂਜੇ ਮੋਟਰ ਸਾਇਕਲ ਇਸ ਤੋਂ ਘੱਟ ਹਾਰਸ ਪਾਵਰ ਦੇ ਸੀ। ਇਹ ਸੋਚ ਕੇ ਕਿ ਖਾੜਕੂ ਪੁਲਿਸ ਵਰਦੀਆਂ ‘ਚ ਬੁਲਟ ਦੀ ਵਰਤੋਂ ਕਰ ਸਕਦੇ ਹਨ ਤਾਂ ਸਰਕਾਰ ਨੇ ਪੁਲਿਸ ਦੇ ਮੋਟਰ ਸਾਇਕਲਾਂ ਨੂੰ ਪੀਲਾ ਰੰਗ ਕਰਾ ਦਿੱਤਾ। ਪ੍ਰਾਈਵੇਟ ਬੰਦਿਆਂ ਦੇ ਮੋਟਰ ਸਾਇਕਲਾਂ ਨੂੰ ਪੀਲੇ ਰੰਗ ਕਰਵਾਉਣ ‘ਤੇ ਰੋਕ ਲਾ ਦਿੱਤੀ। ਠਾਣਿਆਂ ਵਾਲੇ ਪੀਲੇ ਰੰਗ ਦੇ ਮੋਟਰ ਸਾਇਕਲ ਸਿਰਫ ਵਰਦੀ ਧਾਰੀ ਪੁਲਿਸ ਮੁਲਜ਼ਮ ਹੀ ਚਲਾ ਸਕਦੇ ਸੀ।
ਏਨੀਆਂ ਪਾਬੰਦੀਆਂ ਤੋਂ ਬਾਅਦ ਖਾੜਕੂ ਸਕੂਟਰਾਂ ਦੀ ਵਰਤੋਂ ਕਰਨ ਲੱਗੇ। ਸਰਕਾਰ ਨੇ ਫਿਰ ਰਾਤ ਨੂੰ ਸਕੂਟਰ ਚਲਾਉਣ ‘ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ। ਇੱਕ ਵੇਲਾ ਇਹ ਵੀ ਆਇਆ ਕਿ ਸਕੂਟਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੀ ਚਲਾ ਸਕਦੇ ਸੀ। ਇਸ ਸਮੇਂ ਦੌਰਾਨ ਵੀ ਜਦੋਂ ਖਾੜਕੂਆਂ ਦੀਆਂ ਵਾਰਦਾਤਾਂ ਨਾ ਰੁਕੀਆਂ ਤਾਂ ਸਕੂਟਰਾਂ ‘ਤੇ ਦੂਹਰੀ ਸਵਾਰੀ ਬਠਾਉਣ ‘ਤੇ ਵੀ ਪਾਬੰਦੀ ਲੱਗਦੀ ਰਹੀ। ਸਕੂਟਰਾਂ ‘ਤੇ ਵੀ ਮੁਕੰਮਲ ਪਾਬੰਦੀ ਕਦੇ ਖੁਲ੍ਹ ਜਾਂਦੀ ਕਦੇ ਬੰਦ ਹੋ ਜਾਣੀ ਵੀ ਆਮ ਗੱਲ ਸੀ। ਜਦੋਂ ਸਕੂਟਰ ਚੱਲਣ ਦੀ ਵੀ ਮਨਾਹੀ ਹੋ ਜਾਂਦੀ ਸੀ ਤਾਂ ਉਦੋਂ ਲੋਕ ਜ਼ਰੂਰੀ ਕੰਮਕਾਜ ਮੋਪਿਡਾਂ (ਸਕੂਟਰੀਆਂ) ‘ਤੇ ਕਰਦੇ ਹੁੰਦੇ ਸੀ। ਉਦੋਂ ਸਕੂਟਰੀਆਂ ਅੱਜ-ਕੱਲ੍ਹ ਵਰਗੀਆਂ ਨਹੀਂ ਸੀ ਹੁੰਦੀਆਂ ਬਲਕਿ ਸਾਇਕਲਾਂ ਵਰਗੀਆਂ ਹੀ ਹੁੰਦੀਆਂ ਸੀ। ਇਨ੍ਹਾਂ ‘ਚ ਪੈਡਲ ਮਾਰਕੇ ਸਟਾਰਟ ਹੋਣ ਵਾਲਿਆਂ ਦੀ ਟੀਵੀਐਸ, ਲੂਨਾ ਤੇ ਕਿੱਕ ਨਾਲ ਸਟਾਰਟ ਹੋਣ ਵਾਲੀ ਬਜਾਜ ਐਮ 50 ਵਰਗੀਆਂ ਸਕੂਟਰੀਆਂ ਮਸ਼ਹੂਰ ਹੁੰਦੀਆਂ ਸੀ। ਇੱਕ ਦੌਰ ਐਸਾ ਵੀ ਆਇਆ ਕਿ ਸਕੂਟਰੀਆਂ ‘ਤੇ ਵੀ ਪਾਬੰਦੀਆਂ ਲੱਗ ਗਈਆਂ। ਜਦੋਂ ਰੇਡਿਓ ‘ਤੇ ਇਸ ਦੀ ਪਾਬੰਦੀ ਦਾ ਐਲਾਨ ਸੁਣਿਆ ਤਾਂ ਸਵੇਰੇ ਸਕੂਟਰੀਆਂ ਰਾਹੀਂ ਡਿਊਟੀਆਂ ‘ਤੇ ਗਏ ਬੰਦੇ ਸ਼ਾਮ ਨੂੰ ਰਿਕਸ਼ਿਆਂ ਜਾਂ ਟਰਾਲੀਆਂ ‘ਚ ਸਕੂਟਰੀਆਂ ਲੱਦ ਕੇ ਘਰਾਂ ਨੂੰ ਪਰਤੇ।
ਬੁਲਟ ‘ਤੇ ਪਾਬੰਦੀ ਤਾਂ ਇਸ ਦੌਰਾਨ ਕਦੇ ਖੁੱਲ੍ਹੀ ਹੀ ਨਹੀਂ। ਲੋਕਾਂ ਨੇ ਬੁਲਟ ਮੋਟਰ ਸਾਇਕਲ ਬਾਹਰਲੇ ਸੂਬਿਆਂ ‘ਚ ਜਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜੇ ਕਿਸੇ ਨੇ ਨਹੀਂ ਵੀ ਵੇਚਿਆ ਤਾਂ ਉਹਨੇ ਬੁਲਟ ਨੂੰ ਨੀਰੇ-ਆਲੇ ਲਾ ਦਿੱਤਾ। 1994-95 ‘ਚ ਮਾਹੌਲ ਸ਼ਾਂਤ ਹੋਣ ਮਗਰੋਂ ਪੰਜਾਬ ‘ਚ ਬੁਲਟਾਂ ਦੀ ਨਵੀਂ ਖਰੀਦ ਸ਼ੁਰੂ ਹੋਈ। ਉਦੋਂ ਇਸ ਦੀ ਕੀਮਤ 35 ਹਜ਼ਾਰ ਰੁਪਏ ਸੀ। ਇੱਕ ਗੱਲ ਹੋਰ ਦੱਸ ਦਿਆਂ ਕਿ ਪਹਿਲਾਂ ਬੁਲਟ ਮੋਟਰ ਸਾਇਕਲ ਦੇ ਗੇਅਰ ਸੱਜੇ ਪੈਰ ਥੱਲੇ ਅਤੇ ਬ੍ਰੇਕ ਖੱਬੇ ਪੈਰ ਥੱਲੇ ਹੁੰਦੇ ਸੀ। ਬਾਕੀ ਸਾਰੇ ਮੋਟਰ ਸਾਇਕਲਾਂ ਗੇਅਰ ਖੱਬੇ ਅਤੇ ਬ੍ਰੇਕ ਸੱਜੇ ਪਾਸੇ ਹੁੰਦੇ ਸੀ। ਸੰਨ 2010 ‘ਚ ਬੁਲਟ ਕੰਪਨੀ ਨੇ ਵੀ ਗੇਅਰ ਤੇ ਬ੍ਰੇਕ ਹੋਰ ਕੰਪਨੀਆਂ ਦੇ ਮੋਟਰ ਸਾਇਕਲਾਂ ਵਾਂਗ ਹੀ ਕਰ ਦਿੱਤੇ। ਸਾਡੇ ਪਿੰਡ ਮੰਡਿਆਣੀ ਦੀ ਤਖਤੂ ਪੱਤੀ ‘ਚ ਇੱਕ ਨੌਜੁਆਨ ਕਮਲ ਸਿੰਘ ਜੌਹਲ ਕੋਲ ਦੋਨੇ ਤਰ੍ਹਾਂ ਦੇ ਮੋਟਰ ਸਾਇਕਲ ਹੈਗੇ। ਪਹਿਲਾਂ ਬੁਲਟ ਮੋਟਰ ਸਾਇਕਲ 1978 ਮਾਡਲ ਹੈ ਜ ਕਿ 1982 ਤੋਂ ਲਗਾਤਾਰ 13 ਸਾਲ ਨੀਰੇ ਆਲੇ (ਤੂੜੀ ਵਾਲਾ ਕੋਠਾ) ਖੜਾ ਰਿਹਾ ਤੇ 1995 ‘ਚ ਬਾਹਰ ਕੱਢਿਆ। 1971-72 ‘ਚ ਸਾਰੇ ਬਜ਼ੁਰਗ ਮੋਟਰ ਸਾਇਕਲਾ ਨੂੰ ਭਿਟ-ਭਿਟੀਆ ਹੀ ਕਹਿੰਦੇ ਹੁੰਦੇ ਸੀ।