IND vs PAK T20 World Cup 2022: ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ਵਾਲੀ ਭਾਰਤੀ ਟੀਮ 23 ਅਕਤੂਬਰ ਯਾਨੀ ਛੋਟੀ ਦੀਵਾਲੀ ਵਾਲੇ ਦਿਨ ਪਾਕਿਸਤਾਨ (Pakistan) ਦਾ ਸਾਹਮਣਾ ਕਰਨ ਲਈ ਤਿਆਰ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2022 (ICC T20 World Cup 2022) ‘ਚ ਭਾਰਤ ਦਾ ਇਹ ਪਹਿਲਾ ਮੈਚ ਹੋਵੇਗਾ। ਇਸ ਮੈਚ ਨਾਲ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2022 ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2021 ਵਿੱਚ ਭਾਰਤੀ ਟੀਮ (Indian Team) ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਅਤੇ ਉਹ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ।
2022 ਟੀ-20 ਵਿਸ਼ਵ ਕੱਪ ਟੂਰਨਾਮੈਂਟ ਆਸਟਰੇਲੀਆ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡੇਗੀ। ਭਾਰਤ ਟੂਰਨਾਮੈਂਟ ਵਿੱਚ ਗਰੁੱਪ 2 ਦਾ ਹਿੱਸਾ ਹੈ ਜਿਸ ਵਿੱਚ ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਹਨ। ਭਾਰਤ ਅਤੇ ਪਾਕਿਸਤਾਨ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਤੋਂ ਖੇਡਿਆ ਜਾਣਾ ਹੈ।
ਪਿਛਲੀ ਵਾਰ ਦੋਵੇਂ ਟੀਮਾਂ 2021 ਟੀ-20 ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਈਆਂ ਸੀ, ਪਾਕਿਸਤਾਨ ਨੇ ਦੁਬਈ ਵਿੱਚ ਭਾਰਤ ਖ਼ਿਲਾਫ਼ 10 ਵਿਕਟਾਂ ਨਾਲ ਆਪਣੀ ਪਹਿਲੀ ਵਿਸ਼ਵ ਕੱਪ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਬਾਬਰ ਆਜ਼ਮ ਨੇ ਅਜੇਤੂ 68 ਦੌੜਾਂ ਬਣਾਈਆਂ, ਜਦਕਿ ਮੁਹੰਮਦ ਰਿਜ਼ਵਾਨ ਨੇ ਅਜੇਤੂ 79 ਦੌੜਾਂ ਬਣਾਈਆਂ। ਇਸ ਵਿੱਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਰੋਹਿਤ ਸ਼ਰਮਾ, ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਤਿੰਨ ਕੀਮਤੀ ਵਿਕਟਾਂ ਲਈਆਂ।
ਮੈਲਬਰਨ ‘ਚ ਮੌਸਮ ਦਾ ਹਾਲ
ਆਸਟ੍ਰੇਲੀਆ ਵਿੱਚ ਇਸ ਸਮੇਂ ਬਰਸਾਤ ਦਾ ਮੌਸਮ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੌਰਾਨ ਮੀਂਹ ਪੈ ਸਕਦਾ ਹੈ। ਮੈਲਬੌਰਨ ਵਿੱਚ 23 ਅਕਤੂਬਰ ਨੂੰ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਸਮੇਂ ਮੀਂਹ ਦੀ ਸੰਭਾਵਨਾ 70 ਫੀਸਦੀ ਹੈ।
T20 World Cup 2022 India vs Pakistan: ਕਿੱਥੇ ਵੇਖ ਸਕਦੇ ਹਾਂ ਮੈਚ
ਭਾਰਤ ਬਨਾਮ ਪਾਕਿਸਤਾਨ ਮੈਚ ਸਟਾਰ ਨੈੱਟਵਰਕ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸਦਾ ਸਿੱਧਾ ਪ੍ਰਸਾਰਣ ਡਿਜ਼ਨੀ ਪਲੱਸ ਹੌਟਸਟਾਰ ‘ਤੇ ਕੀਤਾ ਜਾਵੇਗਾ।
ਸਟੇਡੀਅਮ ਬਾਰੇ ਜਾਣਕਾਰੀ
1853 ਵਿੱਚ ਬਣਾਇਆ ਗਿਆ ਮੈਲਬੋਰਨ ਕ੍ਰਿਕੇਟ ਗਰਾਊਂਡ (MCG) ਕਾਫ਼ੀ ਵੱਡਾ ਹੈ ਅਤੇ 100,000 ਤੋਂ ਵੱਧ ਲੋਕਾਂ ਦੀ ਸਮਰੱਥਾ ਵਾਲਾ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਸਟੇਡੀਅਮ ਹੈ, ਕ੍ਰਿਕਟ ਪ੍ਰਸ਼ੰਸਕ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਕਰਦੇ ਹਨ।
ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਦਿਲਚਸਪ ਅੰਕੜੇ
- ਭਾਰਤ ਇਕਲੌਤੀ ਟੀਮ ਹੈ ਜਿਸ ਨੇ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ‘ਚ ਛੇ ‘ਚੋਂ ਪੰਜ ਮੈਚ ਜਿੱਤੇ ਹਨ।
- ਪਾਕਿਸਤਾਨ ਦੇ ਖਿਲਾਫ ਭਾਰਤ ਦੀ ਜੇਤੂ ਸੂਚੀ ਵਿੱਚ ਇੱਕ ਟਾਈ ਮੈਚ ਵੀ ਸ਼ਾਮਲ ਹੈ, ਜੋ ਉਸਨੇ 14 ਸਤੰਬਰ, 2007 ਨੂੰ ਡਰਬਨ ਵਿੱਚ ‘ਬਾਲ-ਆਊਟ’ ਰਾਹੀਂ ਜਿੱਤਿਆ ਸੀ।
- ਕੋਲੰਬੋ (ਆਰਪੀਐਸ) ਵਿੱਚ 30 ਸਤੰਬਰ 2012 ਨੂੰ ਭਾਰਤ ਦੀ 8 ਵਿਕਟਾਂ ਦੀ ਜਿੱਤ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਕਿਸੇ ਵੀ ਟੀਮ ਵੱਲੋਂ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਹੈ।
- ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਟੀ-20 ਵਿਸ਼ਵ ਕੱਪ ਮੈਚਾਂ ਵਿੱਚ ਕੁੱਲ ਚਾਰ ਪਾਰੀਆਂ ਵਿੱਚ 226 ਦੀ ਔਸਤ ਨਾਲ 226 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ।
- ਵਿਸ਼ਵ ਟੀ-20 ਵਿੱਚ ਪਾਕਿਸਤਾਨ ਦੇ ਖਿਲਾਫ ਕੋਹਲੀ ਦੇ ਸਕੋਰਾਂ ਦਾ ਕ੍ਰਮ ਹੈ – 30-9-2012 ਨੂੰ ਕੋਲੰਬੋ (ਆਰਪੀਐਸ) ਵਿੱਚ ਨਾਬਾਦ 78; 21-3-2014 ਨੂੰ ਮੀਰਪੁਰ ਵਿਖੇ 36 ਨਾਬਾਦ, 19-3-2016 ਨੂੰ ਕੋਲਕਾਤਾ ਵਿਖੇ 55 ਨਾਬਾਦ ਅਤੇ 24 ਅਕਤੂਬਰ 2021 ਨੂੰ ਦੁਬਈ (DSC) ਵਿਖੇ 57 ਦੌੜਾਂ।