Gold Sale In Festival Season: ਦੋ ਸਾਲਾਂ ਦੀ ਸੁਸਤੀ ਤੋਂ ਬਾਅਦ ਆਖ਼ਰਕਾਰ ਸੋਨਾ ਅਤੇ ਗਹਿਣਿਆਂ ਦੀ ਬਜ਼ਾਰ ਵਿਚ ਰੌਣਕ ਆ ਗਈ। ਕੋਵਿਡ ਤੋਂ ਬਾਅਦ ਇਸ ਵਾਰ ਧਨਤੇਰਸ ‘ਚ ਲੋਕਾਂ ਨੇ ਜ਼ਬਰਦਸਤ ਖਰੀਦਦਾਰੀ ਕੀਤੀ। ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ, ਅਗਲੇ ਕੁਝ ਮਹੀਨਿਆਂ ਵਿੱਚ ਵਿਸ਼ਵਵਿਆਪੀ ਮੰਦੀ ਦੇ ਡਰ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀ ਵਿਕਰੀ ਪਿਛਲੇ ਕੁਝ ਦਿਨਾਂ ਦੌਰਾਨ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਈ ਹੈ। ਉਦਯੋਗਿਕ ਸੰਸਥਾ ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥਸ ਫੈਡਰੇਸ਼ਨ (AIJGF) ਦੇ ਅਨੁਮਾਨਾਂ ਅਨੁਸਾਰ, ਧਨਤੇਰਸ ਦੌਰਾਨ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਸਭ ਤੋਂ ਵੱਧ ਮੰਗ ਸੀ। ਇਸ ਤੋਂ ਇਲਾਵਾ ਸੋਨੇ ਦੀਆਂ ਪੱਟੀਆਂ ਦੀ ਵਿਕਰੀ ਨੇ ਇਸ ਵਾਰ ਨਵੀਂ ਉਚਾਈ ਹਾਸਲ ਕੀਤੀ ਹੈ।
ਉੱਚ ਪੱਧਰ ‘ਤੇ ਸੋਨੇ ਦੀ ਮੰਗ
AIJGF ਦੇ ਰਾਸ਼ਟਰੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ- ‘ਭਾਰਤੀ ਸੋਨਾ ਉਦਯੋਗ ਕੋਵਿਡ ਸੰਕਟ ਤੋਂ ਪੂਰੀ ਤਰ੍ਹਾਂ ਉਭਰਿਆ ਹੈ। ਕਿਉਂਕਿ ਭਾਰਤ ‘ਚ ਸੋਨੇ ਦੀ ਮੰਗ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਆਰਥਿਕ ਗਤੀਵਿਧੀਆਂ ‘ਚ ਤੇਜ਼ੀ ਅਤੇ ਖਪਤਕਾਰਾਂ ਦੀ ਮੰਗ ‘ਚ ਸੁਧਾਰ ਤੋਂ ਬਾਅਦ ਜੁਲਾਈ-ਸਤੰਬਰ ਤਿਮਾਹੀ ‘ਚ ਘਰੇਲੂ ਬਾਜ਼ਾਰ ‘ਚ ਭਾਰਤ ਦੀ ਸੋਨੇ ਦੀ ਮੰਗ ‘ਚ 80 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਭ ਤੋਂ ਵੱਧ ਵਿਕਣ ਵਾਲੇ ਸੋਨੇ ਅਤੇ ਚਾਂਦੀ ਦੇ ਸਿੱਕੇ
AIJGF ਦੇ ਅਨੁਮਾਨਾਂ ਅਨੁਸਾਰ, ਦੋ ਦਿਨਾਂ ਧਨਤੇਰਸ ਦੌਰਾਨ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੇ ਸਿੱਕਿਆਂ, ਮੂਰਤੀਆਂ ਅਤੇ ਭਾਂਡਿਆਂ ਦੀ ਵਿਕਰੀ 25,000 ਕਰੋੜ ਰੁਪਏ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਧਨਤੇਰਸ ਦੇ ਮੌਕੇ ‘ਤੇ ਸ਼ਨੀਵਾਰ (22 ਅਕਤੂਬਰ) ਅਤੇ ਐਤਵਾਰ (23 ਅਕਤੂਬਰ) ਨੂੰ ਦੇਸ਼ ਭਰ ਦੇ ਬਾਜ਼ਾਰਾਂ ‘ਚ ਭਾਰੀ ਭੀੜ ਦੇਖਣ ਨੂੰ ਮਿਲੀ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਦੇ ਜਨਰਲ ਸਕੱਤਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਬਾਜ਼ਾਰ ਵਿੱਚ ਦੋ ਸਾਲਾਂ ਦੀ ਮੰਦੀ ਦੇ ਬਾਅਦ, ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਨੇ ਵਪਾਰੀਆਂ ਨੂੰ ਖੁਸ਼ ਕਰ ਦਿੱਤਾ।
ਗਹਿਣਿਆਂ ਦੀ ਪ੍ਰੀ-ਬੁਕਿੰਗ
ਕੋਟਕ ਮਹਿੰਦਰਾ ਐਸੇਟ ਮੈਨੇਜਮੈਂਟ ਕੰਪਨੀ ਦੀ ਮੁੱਖ ਨਿਵੇਸ਼ ਅਧਿਕਾਰੀ (ਕਰਜ਼ਾ) ਲਕਸ਼ਮੀ ਅਈਅਰ ਦੇ ਅਨੁਸਾਰ, ਦੀਵਾਲੀ ਲਈ ਖਰੀਦਦਾਰਾਂ ਦੀ ਸੂਚੀ ਵਿੱਚ ਸੋਨਾ ਸਭ ਤੋਂ ਉੱਪਰ ਰਿਹਾ। ਇਸ ਵਾਰ ਆਰਥਿਕ ਅਨਿਸ਼ਚਿਤਤਾ ਸੋਨੇ ਦੀ ਮੰਗ ਵਧਾਉਣ ਵਿੱਚ ਭੂਮਿਕਾ ਨਿਭਾ ਸਕਦੀ ਹੈ। ਜਿਊਲਰਾਂ ਨੇ ਵੀ ਖਰੀਦਦਾਰਾਂ ਵਿਚ ਰੁਝਾਨ ਦੇਖਿਆ ਹੈ। ਸੇਨਕੋ ਗੋਲਡ ਐਂਡ ਡਾਇਮੰਡਸ ਦੇ ਐਮਡੀ ਅਤੇ ਸੀਈਓ ਸੁਵੰਕਰ ਸੇਨ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ, ਫਰਮ ਨੇ ਧਨਤੇਰਸ ਦੇ ਦਿਨ ਖਰੀਦਦਾਰੀ ਲਈ ਗਹਿਣਿਆਂ ਦੀ ਬਹੁਤ ਸਾਰੀਆਂ ਪ੍ਰੀ-ਬੁਕਿੰਗਾਂ ਵੇਖੀਆਂ ਹਨ।
ਬਾਜ਼ਾਰ ਵਿੱਚ ਖਰੀਦਦਾਰਾਂ ਦੀ ਭੀੜ ਇਕੱਠੀ ਹੋ ਗਈ
ਧਨਤੇਰਸ ਦੇ ਦਿਨ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸੇ ਲਈ ਲੋਕ ਵੱਡੇ ਪੱਧਰ ‘ਤੇ ਸੋਨੇ ਦੇ ਗਹਿਣੇ ਖਰੀਦਦੇ ਹਨ। ਕੋਵਿਡ ਦੀਆਂ ਸਾਰੀਆਂ ਪਾਬੰਦੀਆਂ ਤੋਂ ਮੁਕਤ ਹੋਣ ਤੋਂ ਬਾਅਦ, ਇਸ ਵਾਰ ਧਨਤੇਰਸ ਦੇ ਦਿਨ, ਖਰੀਦਦਾਰੀ ਲਈ ਬਾਜ਼ਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ। ਦੀਵਾਲੀ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣਾ ਹੈ। ਅਜਿਹੇ ‘ਚ ਵਪਾਰੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਵੀ ਸੋਨੇ ਦੀ ਵਿਕਰੀ ਵਧੇਗੀ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h