ਭਾਰਤ ਸਰਕਾਰ ਨੇ ਕੈਨੇਡਾ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਟਰੂਡੋ ਸਰਕਾਰ ਭਾਰਤ ਵਿਰੋਧੀ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (SFJ) ‘ਤੇ ਜਲਦ ਤੋਂ ਜਲਦ ਪਾਬੰਦੀ ਲਗਾਵੇ। ਮੋਦੀ ਸਰਕਾਰ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ 6 ਨਵੰਬਰ ਨੂੰ ਹੋਣ ਵਾਲਾ ਖਾਲਿਸਤਾਨੀ ਜਨਮਤ ਸੰਗ੍ਰਹਿ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਹੈ।
6 ਨਵੰਬਰ ਨੂੰ ਭਾਰਤ ਵਿਰੋਧੀ ਜਥੇਬੰਦੀ SFJ ਕੈਨੇਡਾ ਦੇ ਓਨਟਾਰੀਓ ਵਿੱਚ ਖਾਲਿਸਤਾਨੀ ਜਨਮਤ ਸੰਗ੍ਰਹਿ ਕਰਵਾਉਣ ਜਾ ਰਹੀ ਹੈ। ਰਾਏਸ਼ੁਮਾਰੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੈਨੇਡਾ ਨੂੰ ਇੱਕ ਵਾਰ ਫਿਰ ਸਖ਼ਤ ਚੇਤਾਵਨੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਸਖਤ ਲਹਿਜੇ ‘ਚ ਕਿਹਾ ਕਿ ਟਰੂਡੋ ਸਰਕਾਰ ਨੂੰ 6 ਨਵੰਬਰ ਨੂੰ ਹੋਣ ਵਾਲੇ ਜਨਮਤ ਸੰਗ੍ਰਹਿ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਇਸ ਜਨਮਤ ਸੰਗ੍ਰਹਿ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਦੱਸ ਚੁੱਕੀ ਹੈ।
ਟਰੂਡੋ ਸਰਕਾਰ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ
ਭਾਰਤ ਸਰਕਾਰ ਨੇ ਇਸ ਜਨਮਤ ਸੰਗ੍ਰਹਿ ਨੂੰ ਇਤਰਾਜ਼ਯੋਗ ਅਤੇ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਅਰਿੰਦਮ ਬਾਗਚੀ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੈਨੇਡਾ ਵਰਗੇ ਦੇਸ਼ ਵਿੱਚ ਕੱਟੜਪੰਥੀ ਅਨਸਰਾਂ ਵੱਲੋਂ ਸਿਆਸੀ ਤੌਰ ‘ਤੇ ਪ੍ਰੇਰਿਤ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਦਿੱਤਾ ਜਾਂਦਾ ਹੈ। ਉਨ੍ਹਾਂ ਕੈਨੇਡੀਅਨ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਅਜਿਹੇ ਕੱਟੜਪੰਥੀ ਤੱਤਾਂ ਨੇ ਕਿਸ ਤਰ੍ਹਾਂ ਦੀ ਹਿੰਸਾ ਕੀਤੀ ਹੈ, ਇਸ ਬਾਰੇ ਹਰ ਕੋਈ ਜਾਣਦਾ ਹੈ।
SFJ ‘ਤੇ ਪਾਬੰਦੀ ਲਗਾਉਣ ਦੀ ਮੰਗ
ਭਾਰਤ ਨੇ ਟਰੂਡੋ ਸਰਕਾਰ ਨੂੰ ਕਿਹਾ ਹੈ ਕਿ SFJ ਭਾਰਤ ਵਿੱਚ ਅੱਤਵਾਦੀ ਸੂਚੀ ਵਿੱਚ ਦਰਜ ਹੈ। ਭਾਰਤ ਸਰਕਾਰ ਨੇ ਮੰਗ ਕੀਤੀ ਹੈ ਕਿ ਕੈਨੇਡੀਅਨ ਸਰਕਾਰ ਉਥੋਂ ਦੇ ਕਾਨੂੰਨ ਤਹਿਤ ਭਾਰਤ ਵਿਰੋਧੀ ਸੰਗਠਨ ਐਸਐਫਜੇ ਨੂੰ ਵੀ ਅੱਤਵਾਦੀ ਸੰਗਠਨ ਦੀ ਸੂਚੀ ਵਿੱਚ ਸ਼ਾਮਲ ਕਰੇ।