ਵਿਆਹਾਂ ਦੇ ਸੀਜ਼ਨ ਵਿੱਚ ਬੈਂਕਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। ਅਜਿਹੇ ਸਮੇਂ ‘ਚ ਬੈਂਕਾਂ ਦੀ ਹੜਤਾਲ ਗਾਹਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਖਾਸ ਗੱਲ ਇਹ ਹੈ ਕਿ 19 ਨਵੰਬਰ ਨੂੰ ਬੁਲਾਈ ਗਈ ਇਸ ਹੜਤਾਲ ਦੇ ਅਗਲੇ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਜੇਕਰ ਤੁਹਾਡਾ ਇਸ ਹਫਤੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਸ਼ਨੀਵਾਰ ਨੂੰ ਬੈਂਕਾਂ ਦੀ ਦੇਸ਼ ਵਿਆਪੀ ਹੜਤਾਲ ਹੈ ਅਤੇ ਇਸ ਦੌਰਾਨ ਸਾਰੇ ਬੈਂਕਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਆਪਣੀਆਂ ਮੰਗਾਂ ਦੇ ਸਬੰਧ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਨੇ ਇਹ ਹੜਤਾਲ ਕੀਤੀ ਹੈ।
19 ਨਵੰਬਰ ਨੂੰ ਹੜਤਾਲ ਦਾ ਐਲਾਨ
AIBEA ਵੱਲੋਂ 19 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਤੇ ਤੀਜੇ ਸ਼ਨੀਵਾਰ ਹੋਣ ਕਾਰਨ ਬੈਂਕ ਵਿੱਚ ਛੁੱਟੀ ਨਹੀਂ ਹੈ। ਬੈਂਕ ਆਫ ਬੜੌਦਾ (ਬੀਓਬੀ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਭਾਰਤੀ ਬੈਂਕ ਐਸੋਸੀਏਸ਼ਨ ਨੂੰ ਹੜਤਾਲ ਸਬੰਧੀ ਨੋਟਿਸ ਭੇਜਿਆ ਹੈ। ਇਸ ਅਨੁਸਾਰ ਸ਼ਨੀਵਾਰ ਨੂੰ ਬੈਂਕ ਹੜਤਾਲ ਦਾ ਪ੍ਰਸਤਾਵ ਹੈ। ਇਸ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਕਿਸ ਕਾਰਨ ਬੈਂਕ ਹੜਤਾਲ ਕੀਤੀ ਗਈ
ਬੈਂਕ ਹੜਤਾਲ ਦੇ ਸੱਦੇ ਦੇ ਕਾਰਨਾਂ ਦੀ ਗੱਲ ਕਰਦਿਆਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਅਤੇ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਲਈ ਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋ ਦਿਨਾਂ ‘ਚ ਆਪਣੇ ਬੈਂਕਾਂ ਨਾਲ ਜੁੜੇ ਕੰਮ ਨਿਪਟਾਉਣੇ ਵੀ ਜ਼ਰੂਰੀ ਹਨ ਕਿਉਂਕਿ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਬੈਂਕਾਂ ‘ਚ ਹਫਤਾਵਾਰੀ ਛੁੱਟੀ ਹੋਵੇਗੀ। ਮਤਲਬ ਦੋ ਦਿਨਾਂ ਤੱਕ ਬੈਂਕ ‘ਚ ਕੰਮਕਾਜ ਪ੍ਰਭਾਵਿਤ ਰਹੇਗਾ।