ਚੰਡੀਗੜ੍ਹ: ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਫੈਸਲਾ ਲੈਂਦਿਆਂ ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ ਦੇ ਦੋਸ਼ੀ ਸੁੱਚਾ ਸਿੰਘ ਲੰਗਾਹ ਨੂੰ ਮਾਫੀ ਦੇਣ ਦੇ ਫੈਸਲੇ ‘ਤੇ ਸਿਆਸਤ ਗਰਮਾ ਗਈ ਹੈ। ਦੱਸ ਦਈਏ ਕਿ ਇਸ ਫੈਸਲੇ ‘ਤੇ ਇਤਰਾਜ਼ ਚੁੱਕਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਅਕਾਲ ਦਲ ਦੇ ਵਲੋਂ ਸੁੱਚਾ ਸਿੰਘ ਲੰਗਾਹ ਦੀ ਪੰਥ ‘ਚ ਵਾਪਸੀ ‘ਤੇ ਸਵਾਲ ਚੁੱਕੇ ਹਨ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਲਿਖਿਆ ਹੈ ਕਿ, ਲੰਗਾਹ ਬਾਰੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਕਦੇ ਪਿਛੋਕੜ ਵਿੱਚ ਲੈਣਾ ਦੇਣਾ ਰਿਹਾ ਹੈ।
ਮੇਰੇ ਵਰਗੇ ਨਿਮਾਣੇ ਜਿਹੇ ਸਿੱਖ ਦੀ ਰੂਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰਨ ਦੇ ਇਸ ਕਦਰ ਕੀਤੇ ਫੈਸਲੇ ਨੂੰ ਸਵੀਕਾਰ ਕਰਨ ਲਈ ਕਦਾਚਿਤ ਵੀ ਤਿਆਰ ਨਹੀਂ ਹੋ ਰਹੀ।ਭਾਵੇਂ ਲੰਗਾਹ ਬਾਰੇ ਫੈਸਲਾ ਲੈਣਾ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਹੈ।ਜੇ ਜਥੇਦਾਰ ਸਾਹਿਬ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਫੈਸਲਾ ਲੈਣਾ ਵੀ ਚਾਹੁੰਦੇ ਸੀ ਤਾਂ ਇਹ ਉਨਾਂ ਦਾ ਅਧਿਕਾਰ ਹੋ ਸਕਦਾ ਹੈ।ਪਰ ਜਥੇਦਾਰ ਸਾਹਿਬ ਵੱਲੋਂ ਇਹ ਆਦੇਸ਼ ਕਰਨਾ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਕਈ ਤਰਾਂ ਦੇ ਸਵਾਲ ਪੈਦਾ ਕਰਦਾ ਹੈ।ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਆਮ ਸੰਗਤ ਵਿੱਚ ਪਾਏ ਜਾ ਰਹੇ ਪ੍ਰਭਾਵ,ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਜਿਵੇਂ ਇਸ ਮਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਹੈ।ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾਂ ਹੀ ਕਦੇ ਪਿਛੋਕੜ ਵਿੱਚ ਲੇਣਾ ਦੇਣਾ ਰਿਹਾ ਹੈ।
ਮੈਂ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ।ਪਰ ਲੰਗਾਹ ਬਾਰੇ ਜਥੇਦਾਰ ਸਾਹਿਬ ਦਾ ਇਹ ਆਦੇਸ਼ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਪੰਜ ਸਾਲ ਵਾਸਤੇ ਨਹੀਂ ਲੜ ਸਕਦਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ।ਜਿੱਥੋਂ ਤੱਕ ਮਰਯਾਦਾ ਸੰਬੰਧੀ ਮੈਨੂੰ ਗਿਆਨ ਹੈ ਉਸ ਅਨੁਸਾਰ ਜਥੇਦਾਰ ਸਾਹਿਬ ਲੰਗਾਹ ਦੀ ਕੇਵਲ ਪੰਥ ਵਿੱਚ ਵਾਪਸੀ ਕਰ ਸਕਦੇ ਹਨ। ਉਨਾਂ ਨੂੰ ਸਿੱਖ ਸਮਾਜ ਵਿੱਚ ਪ੍ਰਵਾਨਗੀ ਦੇ ਸਕਦੇ ਹਨ।ਪਰ ਕਦਾਚਿਤ ਵੀ ਆਪਣੇ ਆਦੇਸ਼ ਵਿੱਚ ਅਜਿਹੀਆਂ ਛੋਟਾਂ ਦਾ ਐਲਾਨ ਨਹੀਂ ਕਰ ਸਕਦੇ।
ਰਾਜਨੀਤਿਕ ਤੌਰ ‘ਤੇ ਥੋੜੀ ਬਹੁਤੀ ਸੋਝੀ ਰੱਖਣ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਫੈਸਲੇ ਪਿੱਛੇ ਜਰੂਰ ਉਹ ਤਾਕਤਾਂ ਹਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।ਮੇਰੀ ਜਥੇਦਾਰ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਲੰਗਾਹ ਦੀ ਪੰਥ ‘ਚ ਵਾਪਸੀ ਕਰਨਾ ਜਾਂ ਨਾਂ ਕਰਨਾ ਉਨਾਂ ਦਾ ਅਧਿਕਾਰ ਖੇਤਰ ਹੈ ਪਰ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਛੋਟਾਂ ਦੇਣਾ ਉਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।
ਅੰਤ ਵਿੱਚ ਸਤਿਕਾਰ ਸਹਿਤ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਲੰਗਾਹ ਬਾਰੇ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਵਿਚਰਨ ਸੰਬੰਧੀ ਦਿੱਤੇ ਆਦੇਸ਼ ‘ਤੇ ਮੁੜ ਵਿਚਾਰ ਕੀਤੀ ਜਾਵੇ।
-ਬੇਨਤੀ ਕਰਤਾ – ਵਿਰਸਾ ਸਿੰਘ ਵਲਟੋਹਾ