Accident in Jammu and Kashmir: ਜੰਮੂ-ਕਸ਼ਮੀਰ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਜੰਮੂ-ਪੁੰਛ ਰਾਸ਼ਟਰੀ ਰਾਜਮਾਰਗ ‘ਤੇ ਯਾਤਰੀਆਂ ਨਾਲ ਭਰੀ ਬੱਸ ਅਚਾਨਕ ਡੂੰਘੀ ਖੱਡ ‘ਚ ਡਿੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਉੱਥੇ ਹੀ 20 ਤੋਂ ਵੱਧ ਯਾਤਰੀ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚ ਗਏ।
ਦਰਅਸਲ, ਇਹ ਹਾਦਸਾ ਜੰਮੂ-ਪੁੰਛ ਰਾਸ਼ਟਰੀ ਰਾਜਮਾਰਗ (144ਏ) ‘ਤੇ ਵੀਰਵਾਰ ਦੁਪਹਿਰ ਅਖਨੂਰ ਦੇ ਟੁੰਗੀ ਮੋੜ ਇਲਾਕੇ ‘ਚ ਇਕ ਡੂੰਘੀ ਖੱਡ ‘ਚ ਵਾਪਰਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਇਹ ਬੱਸ ਉੱਤਰ ਪ੍ਰਦੇਸ਼ ਆਰਟੀਓ ਦੀ ਹੈ, ਜਿਸ ਦਾ ਨੰਬਰ ਯੂਪੀ 86ਈਸੀ 4078 ਦੱਸਿਆ ਗਿਆ ਹੈ। ਤੇਜ਼ ਰਫਤਾਰ ਬੱਸ ਜੰਮੂ ਤੋਂ ਸ਼ਿਵਖੋੜੀ ਜਾ ਰਹੀ ਸੀ। ਪਰ ਅਖਨੂਰ ਦੇ ਤੁੰਗੀ ਮੋੜ ਕੋਲ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਡੂੰਘੀ ਖਾਈ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ।
ਦੱਸ ਦਈਏ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸਡੀਐੱਮ ਅਖਨੂਰ ਲੇਖ ਰਾਜ, ਐੱਸਡੀਪੀਓ ਅਖਨੂਰ ਮੋਹਨ ਸ਼ਰਮਾ, ਥਾਣਾ ਇੰਚਾਰਜ ਅਖਨੂਰ ਤਾਰਿਕ ਅਹਿਮਦ ਸਮੇਤ ਸਾਰੇ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀ ਲੋਕਾਂ ਨੂੰ ਤੁਰੰਤ ਬੱਸ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਅਤੇ ਅਖਨੂਰ ਹਸਪਤਾਲ ਪਹੁੰਚਾਇਆ ਗਿਆ। ਜਦੋਂ ਕਿ ਗੰਭੀਰ ਯਾਤਰੀਆਂ ਨੂੰ ਜੰਮੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।