ਮੋਗਾ ਪੁਲਿਸ ਵੱਲੋ ਕੀਤੀ ਗਈ ਸਖਤੀ ਦੇ ਬਾਵਜੂਦ ਸ਼ਹਿਰ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਬਹੋਨਾ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਸਵਾਰ ਰੋਜਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰਕੇ ਦੇਰ ਰਾਤ ਆਪਣੇ ਘਰ ਪਰਤ ਰਿਹਾ ਸੀ ਤਾਂ ਬਹੋਨਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਨੱਕਾਬ ਪੋਸ ਲੁਟੇਰਿਆਂ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ
ਹਮਲਾ ਕਰ ਉਸ ਕੋਲੋਂ ਮੋਟਰਸਾਈਕਲ ਨਗਦੀ ਅਤੇ ਫੋਨ ਲੈ ਕੇ ਲੁਟੇਰੇ ਫਰਾਰ ਹੋ ਗਏ। ਪੀੜਿਤ ਵਿਅਕਤੀ ਨੂੰ ਮੋਗਾ ਦੇ ਨਿਜੀ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਚਾਰ ਲੁਟੇਰਿਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਰਛਪਾਲ ਸਿੰਘ ਵਾਸੀ ਰਾਮ ਬਾਉਲੀ ਬਹੋਨਾ ਨੇ ਕਿਹਾ ਕਿ ਮੈਂ ਨੇਸਲੇ ਫੈਕਟਰੀ ‘ਚ ਕੰਮ ਕਰਦਾ ਹਾਂ ਅਤੇ ਜਦੋਂ ਮੈਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਬਹੋਨਾ ਰੋਡ ਨੇੜੇ ਬਣੀ ਈਦਗਾਹ ਕੋਲ 6 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ।
ਜਦੋਂ ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਮੈ ਉਨ੍ਹਾਂ ਦਾ ਵਿਰੋਧ ਕੀਤਾ ਜਿਸ ‘ਤੇ ਉਨ੍ਹਾਂ ਨੇ ਮੇਰੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰੀ ਬਾਂਹ ਤੋੜ ਦਿੱਤੀ। ਅਤੇ ਮੇਰੀ ਜੇਬ ਵਿੱਚੋਂ ਨਗਦੀ ਮੋਬਾਈਲ ਫ਼ੋਨ ਅਤੇ ਮੇਰਾ ਮੋਟਰਸਾਈਕਲ ਖੋਹ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਰਛਪਾਲ ਸਿੰਘ ਨੇ ਕਿਹਾ ਕਿ ਮੈ ਬੜੀ ਮੁਸ਼ਕਲ ਨਾਲ ਲਹੂ-ਲੁਹਾਨ ਹਾਲਤ ਵਿੱਚ ਘਰ ਪਹੁੰਚਿਆ ਪਰਿਵਾਰ ਨੇ ਤੁਰੰਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।