ਗੁਰਦਾਸਪੁਰ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਭੁਲੇਚੱਕ ਦੇ ਨੌਜਵਾਨ ਗੁਰਚਰਨ ਸਿੰਘ ਨੇ ਆਪਣੀ ਕਾਬਲੀਅਤ ਦੀ ਨਾਲ ਨਿਊਜ਼ੀਲੈਂਡ ਪੁਲਿਸ ਵਿੱਚ ਪੜ੍ਹਾਈ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕੀਤੀ ਸੀ ਅਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਜੇਲ ਅਫਸਰ ਦੇ ਤੌਰ ਤੇ ਨਿਯੁਕਤੀ ਕੀਤਾ ਗਿਆ ਸੀ।
2020 ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ ਲਗਭਗ ਡੇਢ ਸਾਲ ਬਾਅਦ ਫਿਰ ਤੋਂ ਵਾਪਸ ਚਲਾ ਗਿਆ। ਕੁਝ ਮਹੀਨੇ ਪਹਿਲਾਂ ਗੁਰਸ਼ਰਨ ਫਿਰ ਤੋਂ ਆਪਣੇ ਘਰ ਆਇਆ ਸੀ ਅਤੇ 1 ਨਵੰਬਰ 2024 ਨੂੰ ਵਾਪਸ ਗਿਆ ਸੀ ਪਰ ਹੋਣੀ ਨੇ ਐਸੀ ਖੇਡ ਖੇਡੀ ਕੇ ਉਸਦਾ ਹੱਸਦਾ ਵਸਦਾ ਪਰਿਵਾਰ ਰੋਣ ਨੂੰ ਮਜਬੂਰ ਹੋ ਗਿਆ ਹੈ।
ਦੱਸ ਦੇਈਏ ਕਿ ਨਿਊਜ਼ੀਲੈਂਡ ਵਿਖੇ 29 ਵਰਿਆਂ ਦੇ ਗੁਰਚਰਨ ਦੀ 25 ਮਾਰਚ ਨੂੰ ਜਦੋਂ ਉਹ ਆਪਣੀ ਗੱਡੀ ਵਿੱਚ ਆਪਣੀ ਨੌਕਰੀ ਤੇ ਜਾ ਰਿਹਾ ਸੀ ਉਸ ਵੇਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਚਾਰ ਸਾਲ ਦੀ ਬੱਚੀ ਨੂੰ ਪਤਾ ਵੀ ਨਹੀਂ ਕਿ ਉਸ ਦੇ ਪਿਤਾ ਨਹੀਂ ਰਹੇ । ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਦਕਿ ਉਸਦੀ ਪਤਨੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ।
ਗੁਰਚਰਨ ਦੇ ਪਿਤਾ ਸੁੱਚਾ ਸਿੰਘ ਅਤੇ ਪਿੰਡ ਦੇ ਸਰਪੰਚ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੁਰਚਰਨ ਦੀ ਮ੍ਰਿਤਕ ਦੇ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਕਰ ਸਕਣ।