ਬਟਾਲਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੱਪੜੇ ਦੀ ਦੁਕਾਨ ਦੇ ਇੱਕ ਦੁਕਾਨਦਾਰ ਨੇ ਆਪਣੀ ਹੀ ਦੁਕਾਨ ਵਿੱਚ ਵੇਚੇ ਗਏ ਨਾਈਟ ਸੂਟ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ। ਦੁਕਾਨਦਾਰ ਵੱਲੋਂ ਸੂਟ ਨਾ ਬਦਲੇ ਜਾਣ ’ਤੇ ਗਾਹਕ ਨੇ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅਦਾਲਤ ਨੇ ਦੁਕਾਨਦਾਰ ਨੂੰ ਜੁਰਮਾਨਾ ਲਗਾਇਆ ਹੈ।
ਜਾਣਕਾਰੀ ਦਿੰਦਿਆਂ ਐਡਵੋਕੇਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 ਵਿੱਚ ਸ਼ਹਿਰ ਦੀ ਇੱਕ ਦੁਕਾਨ ਤੋਂ 1600 ਰੁਪਏ ਦਾ ਨਾਈਟ ਸੂਟ ਖਰੀਦਿਆ ਸੀ ਪਰ ਦੁਕਾਨਦਾਰ ਨੇ ਇਸ ਦਾ ਕੋਈ ਪੱਕਾ ਬਿੱਲ ਨਹੀਂ ਦਿੱਤਾ। ਨਾਈਟ ਸੂਟ ਠੀਕ ਹਾਲਤ ਵਿਚ ਨਾ ਹੋਣ ਕਾਰਨ ਜਦੋਂ ਉਹ ਦੁਕਾਨਦਾਰ ਕੋਲ ਇਸ ਨੂੰ ਬਦਲਣ ਲਈ ਗਿਆ ਤਾਂ ਉਕਤ ਦੁਕਾਨਦਾਰ ਨੇ ਨਾਈਟ ਸੂਟ ਬਦਲਣ ਤੋਂ ਇਨਕਾਰ ਕਰ ਦਿੱਤਾ।ਉਸ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੇ ਉਕਤ ਦੁਕਾਨਦਾਰ ਵਿਰੁੱਧ ਗੁਰਦਾਸਪੁਰ ਦੀ ਖਪਤਕਾਰ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ | ਜਿਸ ਦੇ ਆਧਾਰ ‘ਤੇ ਅਦਾਲਤ ਨੇ ਹੁਣ ਉਕਤ ਦੁਕਾਨਦਾਰ ਨੂੰ 9 ਫੀਸਦੀ ਸਾਲਾਨਾ ਵਿਆਜ ਸਮੇਤ 1600 ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਇੰਨਾ ਹੀ ਨਹੀਂ ਅਦਾਲਤ ਨੇ ਜੁਰਮਾਨੇ ਅਤੇ ਮੁਆਵਜ਼ੇ ਵਜੋਂ 9 ਫੀਸਦੀ ਸਾਲਾਨਾ ਵਿਆਜ ਸਮੇਤ 3000 ਰੁਪਏ ਵਾਪਸ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਦੱਸਿਆ ਕਿ 4 ਅਪ੍ਰੈਲ 2024 ਤੱਕ ਇਸ ਦੀ ਕੁੱਲ ਰਕਮ 7625 ਰੁਪਏ ਹੈ। ਇਸ ਦੇ ਨਾਲ ਹੀ ਦੋਵਾਂ ਰਕਮਾਂ ‘ਤੇ 9 ਫੀਸਦੀ ਵਿਆਜ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਕਤ ਦੁਕਾਨਦਾਰ ਪੈਸੇ ਵਾਪਸ ਨਹੀਂ ਕਰ ਦਿੰਦਾ। ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਜੋ ਲੋੜ ਪੈਣ ‘ਤੇ ਉਹ ਆਪਣੇ ਹੱਕਾਂ ਲਈ ਲੜ ਸਕਣ।