ਨੌਜਵਾਨ ਦੇ ਜਜ਼ਬੇ ਨੂੰ ਸਲਾਮ, ਪਿੱਠ ‘ਤੇ 631 ਸੈਨਿਕਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਬਣਵਾਏ
ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਦੇਸ਼ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਜੇਕਰ ਦੂਜੇ ਪਾਸੇ ਤੋਂ ਦੇਖਿਆ ਜਾਵੇ ਤਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨ ਤੋਂ ਇਲਾਵਾ ਦੇਸ਼ ਵਾਸੀਆਂ ਪਾਸੋਂ ਬਦਲੇ ‘ਚ ਕੁਝ ਨਹੀਂ ਮਿਲਦਾ, ਪਰ ਇਕ ਅਜਿਹਾ ਨੌਜਵਾਨ ਹੈ, ਜਿਸ ਦੇ ਜਜ਼ਬੇ ਨੂੰ ਸੱਚਮੁੱਚ ਸਲਾਮ ਕੀਤਾ ਜਾਣਾ ਚਾਹੀਦਾ ਹੈ। ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਪੇਸ਼ੇ ਤੋਂ ਆਰਕੀਟੈਕਟ ਹੈ ਪਰ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ ‘ਤੇ ਬੇਫਜ਼ੂਲ ਟੈਟੂ ਬਣਵਾਉਣ ਦੀ ਬਜਾਏ ਉਸ ਨੇ ਦੇਸ਼ ਦੇ 631 ਬਹਾਦਰ ਫੌਜੀਆਂ ਅਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉੱਕੇਰੇ ਹੋਏ ਹਨ। ਇਨ੍ਹਾਂ ਵਿੱਚ ਅਮਰ ਜਵਾਨ ਜੋਤੀ ਦੀ ਤਸਵੀਰ ਵੀ ਸ਼ਾਮਲ ਹੈ। ਇੰਨਾ ਹੀ ਨਹੀਂ, ਆਪਣੇ ਕਾਰੋਬਾਰ ‘ਚੋਂ ਸਮਾਂ ਕੱਢ ਕੇ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਯਾਤਰਾ ‘ਤੇ ਨਿਕਲਦਾ ਹੈ ਅਤੇ ਹੁਣ ਤੱਕ 528 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਚੁੱਕਾ ਹੈ।
ਬੀਤੇ ਦਿਨ ਅਭਿਸ਼ੇਕ ਗੌਤਮ ਗੁਰਦਾਸਪੁਰ ਦੇ ਪਿੰਡ ਪਨਿਆੜ ਸ਼ਹੀਦ ਰਣਵੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚਿਆ । ਇਸ ਸਮੇਂ ਹੋਈ ਗੱਲਬਾਤ ਦੌਰਾਨ ਗੌਤਮ ਨੇ ਦੱਸਿਆ ਕਿ ਓਹੋ ਇੱਕ ਬਾਈਕ ਰਾਈਡਰ ਵੀ ਹੈ ਤੇ ਆਪਣੀ ਬਾਈਕ ਤੇ 12 ਜੋਤਿਰਲਿੰਗਾ ਤੇ ਭਾਰਤ ਦੇ ਹੋਰ ਲਗਭਗ ਸਾਰੇ ਇਤਿਹਾਸਿਕ ਮੰਦਰਾਂ ਦੇ ਦਰਸ਼ਨ ਕਰ ਚੁੱਕਿਆਂ ਹੈ। ਜਦੋਂ ਲਦਾਖ ਵਿਖੇ ਆਪਣੀ ਬਾਈਕ ਤੇ ਗਿਆ ਤਾਂ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕਾਰਗਿਲ ਵੇਲੇ ਪਾਕਿਸਤਾਨੀ ਫੌਜ ਨੈਸ਼ਨਲ ਹਾਈਵੇ 1 ਤੱਕ ਪਹੁੰਚ ਗਈ ਸੀ ਪਰ ਭਾਰਤੀ ਫੌਜਾਂ ਨੇ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਖਦੇੜਿਆ ਤੇ ਕਾਰਗਿਲ ਤੇ ਜਿੱਤ ਪ੍ਰਾਪਤ ਕੀਤੀ ।
ਉਦੋਂ ਤੋਂ ਉਸ ਦੇ ਮਨ ਵਿੱਚ ਖਿਆਲ ਚੱਲ ਰਿਹਾ ਸੀ ਕਿ ਬਹਾਦਰ ਸੈਨਿਕਾਂ ਤੇ ਸ਼ਹੀਦਾਂ ਦੀ ਦੇਸ਼ ਲਈ ਕਿੰਨੀ ਵੱਡੀ ਕੁਰਬਾਨੀ ਹੈ। ਉਹ ਇਹ ਸੋਚ ਕੇ ਵੀ ਪਿੱਛੇ ਨਹੀਂ ਹਟਦੇ ਕਿ ਉਹਨਾਂ ਦੇ ਪਰਿਵਾਰ ਦਾ ਪਿੱਛੋਂ ਕੀ ਬਣੇਗਾ ? ਲਦਾਖ਼ ਤੂੰ ਵਾਪਸ ਆ ਕੇ ਉਸਨੇ ਲੜਾਈ ਵੇਲੇ ਬਹਾਦਰੀ ਦਿਖਾਣ ਵਾਲੇ ਭਾਰਤੀ ਫੌਜੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਥੋੜਾ ਸਮਾਂ ਕੱਢਣ ਦਾ ਮਨ ਬਣਾ ਲਿਆ ਸੀ। ਇਸ ਤੋਂ ਬਾਅਦ ਜਦੋਂ ਜਦੋਂ ਉਹ ਇਹਨਾਂ ਵੀਰ ਨਾਇਕਾਂ ਦੇ ਪਰਿਵਾਰਾਂ ਨੂੰ ਮਿਲਦਾ ਰਿਹਾ ਉਦੋਂ ਉਦੋਂ ਤੋਂ ਉਹਨਾਂ ਦੇ ਨਾਂ ਆਪਣੀ ਪਿੱਠ ਤੇ ਲਿਖਵਾਉਂਦਾ ਰਿਹਾ। ਇਹ ਟੈਟੂ ਉਸ ਦੀ ਉਹਨਾ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਹੈ ਜੋ ਵੱਖ-ਵੱਖ ਸਮਿਆਂ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਸ਼ਹੀਦ ਹੋਏ।