ਭਾਰਤੀ ਫੌਜ ਦੇ ਤਿੰਨਾਂ ਮੁਖੀਆਂ ਨੇ ਸੈਨਾ ਵਿੱਚ ਥੋੜ੍ਹੇ ਸਮੇਂ ਲਈ ਨਿਯੁਕਤੀਆਂ ਨੂੰ ਲੈ ਕੇ ‘ਅਗਨੀਪੱਥ’ ਨੀਤੀ ਦਾ ਐਲਾਨ ਕੀਤਾ ਹੈ।ਇਸ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਹਨ।
ਨੌਜਵਾਨਾਂ ਨੂੰ ਫ਼ੌਜ ਵਿਚ 4 ਸਾਲ ਲਈ ਭਰਤੀ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਸ ਯੋਜਨਾ ਤਹਿਤ ਭਰਤੀ ਕੀਤੇ ਗਏ 25 ਫ਼ੀਸਦੀ ਨੌਜਵਾਨਾਂ ਨੂੰ 4 ਸਾਲ ਬਾਅਦ ਭਾਰਤੀ ਫ਼ੌਜ ਵਿਚ ਜਾਣ ਦਾ ਮੌਕਾ ਮਿਲੇਗਾ ਜਦੋਂਕਿ ਬਾਕੀ ਅਗਨੀਵੀਰਾਂ ਨੂੰ ਨੌਕਰੀ ਛੱਡਣੀ ਪਵੇਗੀ।
ਹਾਲਾਂਕਿ ਇਹ ਪਹਿਲੀ ਵਾਰ ਭਾਰਤੀ ਫ਼ੌਜ ਵਿਚ ਥੋੜ੍ਹੇ ਸਮੇਂ ਲਈ ਨੌਜਵਾਨਾਂ ਦੀ ਭਰਤੀ ਕਰਨ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਵਾਂਗ ਦੁਨੀਆ ’ਚ ਕਰੀਬ 30 ਅਜਿਹੇ ਦੇਸ਼ ਹਨ, ਜਿੱਥੇ ਫ਼ੌਜ ’ਚ ਥੋੜ੍ਹੇ ਸਮੇਂ ਲਈ ਭਰਤੀ ਹੁੰਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ’ਚ ਫ਼ੌ ਵਿਚ ਨੌਕਰੀ ਕਰਨੀ ਲਾਜ਼ਮੀ ਹੈ ਅਤੇ ਇਸ ਦੇ ਲਈ ਕਾਨੂੰਨ ਵੀ ਬਣਾਇਆ ਗਿਆ ਹੈ। ਇਹ ਕਾਨੂੰਨ ਕੁਝ ਮਹੀਨਿਆਂ ਤੋਂ ਲੈ ਕੇ ਕੁਝ ਸਾਲਾਂ ਤਕ ਦਾ ਹੋ ਸਕਦਾ ਹੈ।ਆਉ ਤਹਾਨੂੰ ਦੱਸਦੇ ਹੈ ਕਿ ਅਜਿਹੇ ਕਿਹੜੇ ਮੁਲਕ ਹਨ
ਰੂਸ
ਇਥੇ 18 ਤੋਂ 27 ਸਾਲ ਤਕ ਦੇ ਨੌਜਵਾਨਾਂ ਲਈ ਫ਼ੌਜੀ ਸੇਵਾ ਦੇਣੀ ਬਹੁਤ ਜ਼ਰੂਰੀ ਹੈ। ਪਹਿਲਾਂ ਨੌਜਵਾਨਾਂ ਲਈ ਸਮਾਂ 2 ਸਾਲ ਸੀ ਪਰ 2008 ਵਿਚ ਇਸ ਨੂੰ ਘਟਾ ਕੇ 12 ਮਹੀਨੇ ਕਰ ਦਿੱਤਾ ਗਿਆ ਹੈ।
ਉੱਤਰੀ ਕੋਰੀਆ
ਉੱਤਰੀ ਕੋਰੀਆ ਕੋਲ ਸਭ ਤੋਂ ਲੰਮੀ ਲਾਜ਼ਮੀ ਫ਼ੌਜੀ ਸੇਵਾ ਦੀ ਵਿਵਸਥਾ ਹੈ। ਇਥੇ ਮਰਦਾਂ ਨੂੰ 11 ਸਾਲ ਅਤੇ ਔਰਤਾਂ ਨੂੰ 7 ਸਾਲ ਫ਼ੌਜ ਵਿਚ ਨੌਕਰੀ ਕਰਨੀ ਪੈਂਦੀ ਹੈ।
ਸੀਰੀਆ
ਸੀਰੀਆ ਵਿਚ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ। ਮਾਰਚ 2011 ਵਿਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਲਾਜ਼ਮੀ ਫ਼ੌਜੀ ਸੇਵਾ ਨੂੰ 21 ਮਹੀਨਿਆਂ ਤੋਂ ਘਟਾ ਕੇ 18 ਮਹੀਨੇ ਕਰਨ ਦਾ ਫ਼ੈਸਲਾ ਕੀਤਾ ਸੀ। ਜਿਹੜੇ ਵਿਅਕਤੀ ਸਰਕਾਰੀ ਨੌਕਰੀ ਕਰਦੇ ਹਨ ਪਰ ਲਾਜ਼ਮੀ ਫ਼ੌਜੀ ਸੇਵਾ ਨਹੀਂ ਦਿੰਦੇ, ਉਹ ਆਪਣੀ ਨੌਕਰੀ ਗੁਆ ਸਕਦੇ ਹਨ। ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਲਾਜ਼ਮੀ ਫ਼ੌਜੀ ਸੇਵਾ ਦੇਣ ਤੋਂ ਭੱਜਣ ਵਾਲਿਆਂ ਨੂੰ 15 ਸਾਲ ਦੀ ਜੇਲ੍ਹ ਹੋ ਜਾਂਦੀ ਹੈ।
ਲਿਥੁਆਨੀਆ
ਇਥੇ 18 ਤੋਂ 26 ਸਾਲ ਦੀ ਉਮਰ ਦੇ ਮਰਦਾਂ ਨੂੰ ਇਕ ਸਾਲ ਲਈ ਫ਼ੌਜ ਵਿਚ ਲਾਜ਼ਮੀ ਤੌਰ ’ਤੇ ਸੇਵਾ ਦੇਣੀ ਪੈਂਦੀ ਹੈ।
ਇਰੀਟ੍ਰੀਆ
ਅਫਰੀਕੀ ਦੇਸ਼ ਇਰੀਟ੍ਰੀਆ ’ਚ ਵੀ ਫ਼ੌਜ ਵਿਚ ਲਾਜ਼ਮੀ ਸੇਵਾ ਦੇਣ ਦੀ ਵਿਵਸਥਾ ਹੈ। ਇਸ ਦੇਸ਼ ਵਿਚ ਮਰਦਾਂ, ਨੌਜਵਾਨਾਂ ਅਤੇ ਅਣਵਿਆਹੀਆਂ ਔਰਤਾਂ ਨੂੰ 18 ਮਹੀਨੇ ਦੇਸ਼ ਦੀ ਫ਼ੌਜ ਵਿਚ ਕੰਮ ਕਰਨਾ ਪੈਂਦਾ ਹੈ।
ਸਵੀਡਨ
ਸਵੀਡਨ ਨੇ 100 ਸਾਲ ਬਾਅਦ 2010 ਵਿਚ ਲਾਜ਼ਮੀ ਫ਼ੌਜੀ ਸੇਵਾ ਨੂੰ ਖ਼ਤਮ ਕਰ ਦਿੱਤਾ ਸੀ। ਸਾਲ 2017 ਵਿਚ ਇਸ ਨੂੰ ਮੁੜ ਸ਼ੁਰੂ ਕਰਨ ਲਈ ਵੋਟਿੰਗ ਹੋਈ ਸੀ। ਇਸ ਫ਼ੈਸਲੇ ਤੋਂ ਬਾਅਦ ਜਨਵਰੀ 2018 ਤੋਂ 4 ਹਜ਼ਾਰ ਮਰਦਾਂ ਅਤੇ ਔਰਤਾਂ ਨੂੰ ਲਾਜ਼ਮੀ ਫ਼ੌਜੀ ਸੇਵਾ ਲਈ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਚੀਨ
ਚੀਨ ਵਿਚ ਨਾਗਰਿਕਾਂ ਲਈ ਮਿਲਟਰੀ ਸਰਵਿਸ ਕਰਨਾ ਤਕਨੀਕੀ ਤੌਰ ’ਤੇ ਲਾਜ਼ਮੀ ਹੈ
ਸਵਿਟਜ਼ਰਲੈਂਡ
ਸਵਿਟਜ਼ਰਲੈਂਡ ’ਚ 18 ਤੋਂ 34 ਸਾਲ ਦੀ ਉਮਰ ਦੇ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ।
ਅਮਰੀਕਾ
ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸ ਸਾਲ ਫਰਵਰੀ ’ਚ 2 ਸਾਲ ਲਈ ਫ਼ੌਜ ’ਚ ਭਰਤੀ ਹੋਣ ਦਾ ਬਦਲ ਲਿਆਂਦਾ ਹੈ। ਇਸ ਸਕੀਮ ਤਹਿਤ ਬੇਸਿਕ ਅਤੇ ਐਡਵਾਂਸਡ ਟਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ 2 ਸਾਲ ਤਕ ਐਕਟਿਵ ਡਿਊਟੀ ’ਤੇ ਰਹਿਣਾ ਪਵੇਗਾ।
ਜਾਰਜੀਆ
ਜਾਰਜੀਆ ਵਿਚ ਇਕ ਸਾਲ ਦੀ ਫ਼ੌਜੀ ਸੇਵਾ ਲਾਜ਼ਮੀ ਹੈ। ਇਸ ਵਿਚ 3 ਮਹੀਨਿਆਂ ਲਈ ਜੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ, ਬਾਕੀ 9 ਮਹੀਨੇ ਡਿਊਟੀ ਅਫ਼ਸਰ ਵਾਂਗ ਕੰਮ ਕਰਨਾ ਪੈਂਦਾ ਹੈ,
ਇਹ ਜਾਣਕਾਰੀ ਵੱਖ ਵੱਖ ਮੀਡੀਆ ਰਿਪੋਰਟਾਂ ਅਨੁਸਾਰ ਹੈ