ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1,17,100 ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ 28.8 ਫੀਸਦੀ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦੇ ਨਾਲ ਹੀ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਵੀ ਲੋਕਾਂ ਨੂੰ ਡਰਾ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਨਵੇਂ ਵੈਰਿਅੰਟ ਦੇ 3007 ਮਾਮਲੇ ਸਾਹਮਣੇ ਆਏ ਹਨ। ਸਿਹਤ ਮਾਹਿਰਾਂ ਵੱਲੋਂ ਸਮੇਂ-ਸਮੇਂ ‘ਤੇ ਓਮੀਕਰੋਨ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਹਾਲਾਂਕਿ, ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਐਨਾਲਿਸਿਸ ਨੇ ਇਸ ਵੈਰੀਅੰਟ ਦੇ ਚਾਰ ਸਭ ਤੋਂ ਆਮ ਲੱਛਣ ਦੱਸੇ ਹਨ। ਜਿਸ ‘ਚ ਖੰਘ, ਥਕਾਵਟ, ਬਲਗਮ ਅਤੇ ਵਗਦਾ ਨੱਕ ਸ਼ਾਮਲ ਹੈ। ਇਸ ਦੇ ਨਾਲ ਹੀ ਏਮਜ਼ ਨੇ ਓਮੀਕਰੋਨ ਦੇ ਪੰਜ ਲੱਛਣਾਂ ਨੂੰ ਸੂਚੀਬੱਧ ਕਰਦੇ ਹੋਏ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਲੱਛਣਾਂ ਦੇ ਦਿਖਾਈ ਦੇਣ ਦਾ ਮਤਲਬ ਹੈ ਕਿ ਤੁਹਾਡੀ ਬਿਮਾਰੀ ਗੰਭੀਰ ਰੂਪ ਲੈ ਚੁੱਕੀ ਹੈ।
ਓਮੀਕਰੋਨ ਦੇ 5 ਲੱਛਣ
1. ਸਾਹ ਲੈਣ ਵਿੱਚ ਮੁਸ਼ਕਲ
2. ਆਕਸੀਜਨ ਸੈਚੁਰੇਸ਼ਨ ਵਿੱਚ ਗਿਰਾਵਟ
3. ਛਾਤੀ ਵਿੱਚ ਲਗਾਤਾਰ ਦਰਦ/ਦਬਾਅ ਦਾ ਮਹਿਸੂਸ ਹੋਣਾ
4. ਮਾਨਸਿਕ ਉਲਝਣ ਜਾਂ ਜਵਾਬ ਦੇਣ ਵਿੱਚ ਅਸਮਰੱਥ
5. ਜੇਕਰ ਲੱਛਣ 3-4 ਦਿਨਾਂ ਤੋਂ ਵੱਧ ਸਮੇਂ ਤੱਕ ਰਹਿਣ ਜਾਂ ਵਿਗੜਦੇ ਜਾਣ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਚਮੜੀ, ਬੁੱਲ੍ਹਾਂ ਜਾਂ ਨਹੁੰਆਂ ਦਾ ਰੰਗ ਅਚਾਨਕ ਬਦਲ ਜਾਵੇ ਤਾਂ ਵੀ ਚੌਕਸ ਰਹਿਣ ਦੀ ਲੋੜ ਹੈ।