Amritsar Airport Ganja Seize: ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇੱਕ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇੰਡੋ-ਥਾਈ ਏਅਰਲਾਈਨਜ਼ ਦੀ ਉਡਾਣ SL214 ‘ਤੇ ਬੈਂਕਾਕ ਤੋਂ ਪਹੁੰਚੇ ਦੋ ਯਾਤਰੀਆਂ ਤੋਂ 2,550 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ। ਜ਼ਬਤ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ ₹2.55 ਕਰੋੜ ਦੱਸੀ ਜਾ ਰਹੀ ਹੈ।

ਕਸਟਮ ਅਧਿਕਾਰੀਆਂ ਦੀ ਚੌਕਸੀ ਅਤੇ ਪ੍ਰਭਾਵਸ਼ਾਲੀ ਜਾਂਚ ਦੇ ਸਦਕਾ, ਦੋਵੇਂ ਤਸਕਰਾਂ ਨੂੰ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਬੜੀ ਚਲਾਕੀ ਨਾਲ ਗਾਂਜਾ ਛੁਪਾਈਆ ਸੀ। ਇਹ ਕਾਰਵਾਈ ਪੰਜਾਬ ਵਿੱਚ ਚੱਲ ਰਹੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੇ ਹਿੱਸੇ ਵਜੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇੱਕ ਵੱਡਾ ਝਟਕਾ ਦਰਸਾਉਂਦੀ ਹੈ। ਤਸਕਰਾਂ ਨੇ ਬੜੀ ਚਲਾਕੀ ਨਾਲ ਗਾਂਜੇ ਨੂੰ ਟੀਨ ਦੇ ਡੱਬਿਆਂ ਅਤੇ PET ਸ਼ੈਂਪੂ ਦੀਆਂ ਬੋਤਲਾਂ ਵਿੱਚ ਛੁਪਾਇਆ ਸੀ। ਕਸਟਮ ਵਿਭਾਗ ਨੇ ਤੁਰੰਤ ਮਾਮਲਾ ਦਰਜ ਕੀਤਾ, ਗਾਂਜੇ ਨੂੰ ਜ਼ਬਤ ਕਰ ਲਿਆ ਅਤੇ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਦੋਵੇਂ ਤਸਕਰ ਕਿਸੇ ਸੰਗਠਿਤ ਤਸਕਰੀ ਗਿਰੋਹ ਦਾ ਹਿੱਸਾ ਹੋ ਸਕਦੇ ਹਨ। ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਇਸੇ ਤਰ੍ਹਾਂ ਗਾਂਜਾ ਦੀ ਢੋਆ-ਢੁਆਈ ਕੀਤੀ ਹੈ। ਕਸਟਮ ਵਿਭਾਗ ਦਾ ਇਹ ਕਦਮ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ।