Electricity Bill: ਹਰਿਆਣਾ ਵਿਚ ਬਿਜਲੀ ਵਿਭਾਗ ਨੇ 60 ਗਜ਼ ਦੇ ਘਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਮਹਿਲਾ ਨੂੰ 22 ਲੱਖ ਰੁਪਏ ਦੇ ਕਰੀਬ ਬਿਜਲੀ ਬਿੱਲ ਭੇਜ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਬਜ਼ੁਰਗ ਔਰਤ ਨੇ ਨਿਗਮ ਦਫ਼ਤਰ ਦੇ ਬਾਹਰ ਢੋਲ ਵਜਾਏ ਅਤੇ ਮਠਿਆਈਆਂ ਵੰਡੀਆਂ।
ਦਰਅਸਲ, ਪਾਣੀਪਤ ਦੇ ਸਬ ਡਿਵੀਜ਼ਨ ਇਲੈਕਟ੍ਰੀਸਿਟੀ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਬਿਜਲੀ ਦੇ ਵੱਧ ਬਿੱਲ ਦਾ ਇੱਕ ਵੱਖਰਾ ‘ਜਸ਼ਨ’ ਸੀ। ਸੰਤ ਨਗਰ ਦੀ ਰਹਿਣ ਵਾਲੀ 65 ਸਾਲਾ ਸੁਮਨ ਦੇ 60 ਗਜ਼ ਦੇ ਘਰ ਦਾ ਬਿਜਲੀ ਦਾ ਬਿੱਲ 21 ਲੱਖ 89 ਹਜ਼ਾਰ ਰੁਪਏ ਆਇਆ ਹੈ, ਜਿਸ ਤੋਂ ਬਾਅਦ ਉਹ ਬਿਜਲੀ ਨਿਗਮ ਵਿੱਚ ਢੋਲ ਵਜਾ ਕੇ ਅਧਿਕਾਰੀਆਂ ਲਈ ਮਠਿਆਈਆਂ ਲੈ ਕੇ ਪਹੁੰਚੀ।
ਬਜ਼ੁਰਗ ਔਰਤ ਸੁਮਨ ਦਾ ਕਹਿਣਾ ਹੈ ਕਿ ਉਸ ਕੋਲ ਬਿੱਲ ਭਰਨ ਲਈ ਪੈਸੇ ਨਹੀਂ ਹਨ ਅਤੇ ਉਹ ਹੁਣ ਆਪਣਾ ਘਰ ਵੇਚਣ ਜਾ ਰਹੀ ਹੈ, ਜਿਸ ਦੀ ਖੁਸ਼ੀ ਵਿੱਚ ਉਸ ਨੇ ਨਿਗਮ ਵਿੱਚ ਢੋਲ ਵਜਾਇਆ ਹੈ। ਸੁਮਨ ਆਪਣੇ 60 ਗਜ਼ ਦੇ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦੀ ਹੈ।
ਦੱਸ ਦਈਏ ਕਿ ਸਾਲ 2019 ‘ਚ ਸੰਤ ਨਗਰ ਦੀ ਰਹਿਣ ਵਾਲੀ ਸੁਮਨ ਦਾ ਬਿਜਲੀ ਦਾ ਬਿੱਲ ਅਚਾਨਕ 12 ਲੱਖ ਰੁਪਏ ਆ ਗਿਆ। ਸੁਮਨ ਨੇ ਦੱਸਿਆ ਕਿ ਉਸ ਕੋਲ 12 ਲੱਖ ਰੁਪਏ ਨਹੀਂ ਹਨ, ਜਿਸ ਕਾਰਨ ਉਹ ਬਿੱਲ ਦਾ ਭੁਗਤਾਨ ਨਹੀਂ ਕਰ ਸਕੀ ਅਤੇ ਇਸ ਬਿੱਲ ‘ਤੇ ਲਗਾਤਾਰ ਵਿਆਜ ਵਸੂਲਿਆ ਜਾ ਰਿਹਾ ਹੈ।
ਜੇਕਰ ਬਿਜਲੀ ਦੇ ਬਿੱਲ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ 99 ਹਜ਼ਾਰ ਰੀਡਿੰਗ ਸੀ, ਜਦੋਂ ਕਿ 2 ਕਿਲੋਵਾਟ ਮੀਟਰ ਵਿੱਚ ਇੰਨੀ ਰੀਡਿੰਗ ਇੱਕ ਸਾਲ ਵਿੱਚ ਵੀ ਨਹੀਂ ਆ ਸਕਦੀ। ਔਰਤ ਦਾ ਕਹਿਣਾ ਹੈ ਕਿ ਉਸ ਕੋਲ ਘਰ ਵੇਚਣ ਦਾ ਹੀ ਆਖਰੀ ਹੱਲ ਹੈ, ਉਹ ਵੀ ਸ਼ਾਇਦ ਇੰਨੇ ਪੈਸਿਆਂ ‘ਚ ਨਹੀਂ ਵੇਚਿਆ ਜਾਵੇਗਾ ਕਿ ਉਹ ਬਿੱਲ ਭਰ ਸਕੇ।
ਸਬ-ਡਿਵੀਜ਼ਨ ਬਿਜਲੀ ਨਿਗਮ ਦੇ ਐਸਡੀਓ ਨਰਿੰਦਰ ਜਾਗਲਾਨ ਦਾ ਕਹਿਣਾ ਹੈ ਕਿ ਔਰਤ ਦਾ ਬਿਜਲੀ ਬਿੱਲ ਕੁਨੈਕਸ਼ਨ ਉਨ੍ਹਾਂ ਦੇ ਡਿਵੀਜ਼ਨ ਵਿੱਚ ਨਹੀਂ ਆਉਂਦਾ, ਇਸ ਲਈ ਉਹ ਬਿਜਲੀ ਬਿੱਲ ਨੂੰ ਠੀਕ ਨਹੀਂ ਕਰ ਸਕਦੇ। ਆਪਣਾ ਬਿਜਲੀ ਦਾ ਬਿੱਲ ਠੀਕ ਕਰਵਾਉਣ ਲਈ ਔਰਤ ਨੂੰ ਸਬੰਧਤ ਡਿਵੀਜ਼ਨ ‘ਚ ਜਾਣਾ ਹੋਵੇਗਾ।