Sikh Anand Marriage Act In Jammu Kashmir: ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਸ ਨਾਲ ਸਿੱਖ ਕੌਮ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਜੰਮੂ ਅਤੇ ਕਸ਼ਮੀਰ ਸਰਕਾਰ ਦੇ ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ ਨੇ SO-597 ਜਾਰੀ ਕੀਤਾ ਹੈ।
ਉਪ ਰਾਜਪਾਲ ਨੇ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਅਤੇ 19 ਅਪ੍ਰੈਲ 2016 ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2023 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸਿੱਖ ਭਾਈਚਾਰੇ ਦੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋਣਗੇ।
ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਹੁਣ ਇਸ ਕਾਨੂੰਨ ਤਹਿਤ ਹੋਵੇਗੀ। ਆਨੰਦ ਮੈਰਿਜ ਐਕਟ ਤਹਿਤ ਸਰਟੀਫਿਕੇਟ ਜਾਰੀ ਕਰਨ ਲਈ ਸਬੰਧਤ ਤਹਿਸੀਲਦਾਰ ਇਸ ਦਾ ਰਜਿਸਟਰਾਰ ਹੋਵੇਗਾ। ਰਜਿਸਟਰਾਰ ਵਿਆਹ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਪੰਦਰਾਂ ਦਿਨਾਂ ਦੇ ਅੰਦਰ ਆਨੰਦ ਮੈਰਿਜ ਦੇ ਸਰਟੀਫਿਕੇਟ ਦੀਆਂ ਦੋ ਕਾਪੀਆਂ ਪਾਰਟੀਆਂ ਨੂੰ ਮੁਫ਼ਤ ਜਾਰੀ ਕਰੇਗਾ।
ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਕਰੀਬ ਸਾਢੇ ਛੇ ਲੱਖ ਸਿੱਖ ਭਾਈਚਾਰੇ ਦੀ ਆਬਾਦੀ ਹੈ, ਜਿਸ ਵਿਚ ਕਸ਼ਮੀਰ ਦੇ 105 ਪਿੰਡਾਂ ਵਿਚ ਸਿੱਖ ਭਾਈਚਾਰਾ ਮੌਜੂਦ ਹੈ, ਪੁਣਛ, ਰਾਜੌਰੀ, ਜੰਮੂ ਅਤੇ ਕਠੂਆ ਵਿਚ ਵੀ ਸਿੱਖ ਭਾਈਚਾਰੇ ਦੀ ਆਬਾਦੀ ਹੈ। ਦੇਸ਼ ਵਿੱਚ ਆਨੰਦ ਮੈਰਿਜ ਕਾਨੂੰਨ ਪਹਿਲਾਂ ਹੀ ਲਾਗੂ ਸੀ ਪਰ ਧਾਰਾ 370 ਕਾਰਨ ਜੰਮੂ-ਕਸ਼ਮੀਰ ਵਿੱਚ ਇਹ ਲਾਗੂ ਨਹੀਂ ਸੀ।