ਮਹਾਰਾਸ਼ਟਰ ਦੇ ਪੁਣੇ ਤੋਂ ਅਜੀਬ ਖਬਰ ਸਾਹਮਣੇ ਆਈ ਹੈ। ਇੱਥੇ ਪਿੰਪਰੀ ਚਿੰਚਵਾੜ ਖੇਤਰ ‘ਚ ਇਕ ਨਾਮੀ ਆਟੋਮੋਬਾਈਲ ਕੰਪਨੀ ਨੂੰ ਸਪਲਾਈ ਕੀਤੇ ਗਏ ਸਮੋਸੇ ‘ਚ ਕਥਿਤ ਤੌਰ ‘ਤੇ ਕੰਡੋਮ, ਗੁਟਖਾ ਤੇ ਪੱਥਰ ਮਿਲੇ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸਬ-ਕੰਟਰੈਕਟਰ ਫਰਮ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਮੋਸੇ ਸਪਲਾਈ ਕਰਨ ਲਈ ਕਿਹਾ ਗਿਆ ਸੀ। ਬਾਕੀ ਤਿੰਨ ਮੁਲਜ਼ਮ ਵੀ ਅਜਿਹੀ ਫਰਮ ਦੇ ਹਿੱਸੇਦਾਰ ਸਨ, ਜਿਨ੍ਹਾਂ ਨੂੰ ਪਹਿਲਾਂ ਮਿਲਾਵਟਖੋਰੀ ਦੇ ਦੋਸ਼ ਹੇਠ ਹਟਾ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਰਹੀਮ ਸ਼ੇਖ, ਅਜ਼ਹਰ ਸ਼ੇਖ, ਮਜ਼ਹਰ ਸ਼ੇਖ, ਫਿਰੋਜ਼ ਸ਼ੇਖ ਅਤੇ ਵਿੱਕੀ ਸ਼ੇਖ ਵਜੋਂ ਹੋਈ ਹੈ।
ਕੀ ਹੈ ਪੂਰਾ ਮਾਮਲਾ?
ਪੁਲਿਸ ਨੇ ਦੱਸਿਆ ਕਿ ਆਟੋਮੋਬਾਈਲ ਫਰਮ ਦੀ ਕੰਟੀਨ ‘ਚ ਖਾਣ-ਪੀਣ ਦੇ ਸਾਮਾਨ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਕੈਟਾਲਿਸਟ ਸਰਵਿਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਦੀ ਸੀ। ਹਾਲਾਂਕਿ ਕੈਟਾਲਿਸਟ ਸਰਵਿਸ ਨੇ ਫਰਮ ‘ਚ ਸਮੋਸੇ ਸਪਲਾਈ ਕਰਨ ਦਾ ਠੇਕਾ ਮਨੋਹਰ ਇੰਟਰਪ੍ਰਾਈਜਿਜ਼ ਨਾਂ ਦੀ ਕੰਪਨੀ ਨੂੰ ਦਿੱਤਾ ਸੀ। ਸ਼ਨਿਚਰਵਾਰ ਨੂੰ ਆਟੋ ਫਰਮ ਦੇ ਕੁਝ ਮੁਲਾਜ਼ਮਾਂ ਨੇ ਸਮੋਸੇ ‘ਚ ਕੰਡੋਮ, ਗੁਟਖਾ ਅਤੇ ਪੱਥਰ ਮਿਲਣ ਦੀ ਸ਼ਿਕਾਇਤ ਕੀਤੀ ਸੀ।ਕੰਪਨੀ ਨੂੰ ਸੀ ਬਦਨਾਮ ਕਰਨ ਦੀ ਸਾਜ਼ਿਸ਼
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਸਆਰਏ ਐਂਟਰਪ੍ਰਾਈਜ਼ਿਜ਼ (ਜਿਸ ਦਾ ਠੇਕਾ ਪਹਿਲਾਂ ਮਿਲਾਵਟ ਕਾਰਨ ਰੱਦ ਹੋ ਗਿਆ ਸੀ) ਦੇ ਮੁਲਾਜ਼ਮਾਂ ਨੇ ਮਨੋਹਰ ਇੰਟਰਪ੍ਰਾਈਜ਼ਜ਼ ਨੂੰ ਬਦਨਾਮ ਕਰਨ ਲਈ ਕੰਪਨੀ ਨੂੰ ਸਪਲਾਈ ਕੀਤੇ ਜਾਣ ਵਾਲੇ ਸਮੋਸੇ ‘ਚ ਮਿਲਾਵਟ ਕਰਨ ਲਈ ਆਪਣੇ ਦੋ ਮੁਲਾਜ਼ਮਾਂ ਨੂੰ ਮਨੋਹਰ ਐਂਟਰਪ੍ਰਾਈਜ਼ਿਜ਼ ਭੇਜਿਆ ਸੀ।
IPC ਦੀਆਂ ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ
ਇਸ ਘਟਨਾ ‘ਚ ਹੁਣ ਤਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਤਿੰਨ ਮੌਜੂਦਾ ਠੇਕੇਦਾਰ ਦੀ ਫਰਮ ਨਾਲ ਜੁੜੇ ਵਿਅਕਤੀ ਹਨ ਤੇ ਦੋ ਪੁਰਾਣੀ ਫਰਮ ਦੇ ਠੇਕੇਦਾਰ ਨਾਲ ਜੁੜੇ ਹਨ। ਪੁਲਿਸ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 328 (ਜ਼ਹਿਰ ਜ਼ਰੀਏ ਨੁਕਸਾਨ ਪਹੁੰਚਾਉਣਾ ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਪੁਲਿਸ ਨੇ ਪੁਰਾਣੀ ਫਰਮ ਨਾਲ ਜੁੜੇ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।