ਪੰਜਾਬੀ ਸਿੰਗਰ ਕਰਨ ਔਜਲਾ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ। ਉਸ ਦੇ ਜਨਮਦਿਨ ‘ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਲਗਜ਼ਰੀ ਲਾਈਫਸਟਾਈਲ ਬਾਰੇ
ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ।
ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ।
ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ `ਚ ਸਿੰਗਰ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ।