ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖਬਰ ਆ ਰਹੀ ਹੈ। ਦਿੱਲੀ ਸਰਕਾਰ ਨੇ ਅਪ੍ਰੈਲ ਮਹੀਨੇ ‘ਚ 5 ਦਿਨਾਂ ਦਾ ਡਰਾਈ ਡੇਅ ਐਲਾਨ ਕੀਤਾ ਹੈ। ਆਬਕਾਰੀ ਵਿਭਾਗ ਵੱਲੋਂ ਇਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਅਪਰੈਲ ਵਿੱਚ ਇਨ੍ਹਾਂ ਪੰਜ ਦਿਨਾਂ ਲਈ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਦਿਨ ਸ਼ਰਾਬ ਖਰੀਦੀ ਤੇ ਵੇਚੀ ਨਹੀਂ ਜਾ ਸਕੇਗੀ।
ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਡਰਾਈ ਡੇਅ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ 11 ਅਪ੍ਰੈਲ ਨੂੰ ਈਦ, 17 ਅਪ੍ਰੈਲ ਨੂੰ ਰਾਮ ਨੌਮੀ ਅਤੇ 21 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਮੌਕੇ ਸ਼ਰਾਬ ਦੀਆਂ ਦੁਕਾਨਾਂ ਜਾਂ ਠੇਕੇ ਨਹੀਂ ਖੁੱਲ੍ਹਣਗੇ। ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਸਰਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਵੀ ਡਰਾਈ ਡੇਅ ਐਲਾਨਿਆ ਗਿਆ ਹੈ।
ਆਬਕਾਰੀ ਵਿਭਾਗ ਵੱਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 24 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 26 ਅਪ੍ਰੈਲ ਨੂੰ ਸ਼ਾਮ 6 ਵਜੇ ਤੱਕ ਦਿੱਲੀ ਵਿੱਚ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼ਰਾਬ ਦੀ ਖਰੀਦੋ-ਫਰੋਖਤ ‘ਤੇ ਪਾਬੰਦੀ ਰਹੇਗੀ।ਮਈ ਅਤੇ ਜੂਨ ਵਿੱਚ ਵੀ ਡਰਾਈ ਡੇਅ
ਅਪ੍ਰੈਲ ਦੇ ਨਾਲ-ਨਾਲ ਮਈ ਅਤੇ ਜੂਨ ਦੇ ਮਹੀਨਿਆਂ ‘ਚ ਵੀ ਦਿੱਲੀ ‘ਚ ਠੇਕੇ ਬੰਦ ਰਹਿਣਗੇ। 23 ਮਈ ਨੂੰ ਬੁੱਧ ਪੂਰਨਿਮਾ ਅਤੇ 17 ਜੂਨ ਨੂੰ ਬਕਰੀਦ ਦੇ ਮੌਕੇ ‘ਤੇ ਦਿੱਲੀ ‘ਚ ਡਰਾਈ ਡੇਅ ਹੋਵੇਗਾ। ਇਨ੍ਹਾਂ ਦੋਵਾਂ ਤਰੀਖਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਸ ਤਰ੍ਹਾਂ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੀਆਂ ਦੁਕਾਨਾਂ ਅਪ੍ਰੈਲ ਤੋਂ ਜੂਨ ਤੱਕ ਕੁੱਲ 7 ਦਿਨ ਬੰਦ ਰਹਿਣਗੀਆਂ। ਦੱਸ ਦੇਈਏ ਕਿ ਤਿਉਹਾਰਾਂ ਅਤੇ ਚੋਣਾਂ ਦੌਰਾਨ ਡਰਾਈ ਡੇਅ ਐਲਾਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਅਜਿਹਾ ਕਰਨਾ ਜ਼ਰੂਰੀ ਸਮਝਦਾ ਹੈ ਤਾਂ ਡਰਾਈ ਡੇਅ ਦਾ ਐਲਾਨ ਕੀਤਾ ਜਾ ਸਕਦਾ ਹੈ।