ਪੱਛਮੀ ਬੰਗਾਲ ਦੇ ਕੂਚ ਬਿਹਾਰ ਦੇ ਸੀਤਲਕੁਚੀ ਵਿੱਚ ਸੀਐਸਆਈਐਫ ਦੀ ਫਾਇਰਿੰਗ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਚੋਣ ਕਮਿਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਰਾਹੁਲ ਸਿਨਹਾ ਨੂੰ 48 ਘੰਟਿਆਂ ਲਈ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿਨ੍ਹਾ ‘ਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਭੜਕਾਉਣ ਵਾਲੇ ਬਿਆਨਾਂ ਕਾਰਨ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ 24 ਘੰਟੇ ਦੀ ਪਾਬੰਦੀ ਲਗਾਈ ਗਈ ਸੀ। ਦੱਸ ਦੇਈਏ ਕਿ ਟੀਐਮਸੀ ਰਾਹੁਲ ਸਿਨਹਾ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ‘ਤੇ ਕੂਚ ਬਿਹਾਰ ਘਟਨਾ ‘ਤੇ ਭੜਕਾਊ ਟਿੱਪਣੀ ਕਰਨ ਕਰਕੇ ਰੋਕ ਲਗਾਉਣ ਦੀ ਮੰਗ ਕਰ ਰਹੀ ਸੀ।
ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਅਰਿਜ਼ ਆਫਤਾਬ ਨੂੰ ਲਿਖੇ ਪੱਤਰ ਵਿੱਚ ਟੀਮਏਸੀ ਨੇ ਕਿਹਾ ਕਿ ਭਾਜਪਾ ਨੇਤਾ ਦਿਲੀਪ ਘੋਸ਼ ਸਣੇ ਕਈ ਭਾਜਪਾ ਨੇਤਾ ਕੂਚ ਬਿਹਾਰ ਵਰਗੀਆਂ ਹੋਰ ਘਟਨਾਵਾਂ ਦੀ ਚਿਤਾਵਨੀ ਦੇ ਕੇ ਹਿੰਸਾ ਨੂੰ ਭੜਕਾ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸਿਨਹਾ ਨੇ ਕਿਹਾ ਸੀ ਕਿ ਕੇਂਦਰੀ ਸ਼ਕਤੀ ਧਾਂਦਲੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਜੇ ਲੋੜ ਪਈ ਤਾਂ ਚਾਰ ਤੋਂ ਅੱਠ ਲੋਕਾਂ ਨੂੰ ਮਾਰ ਸਕਦੇ ਹਾਂ। ਇਸ ਤੋਂ ਬਾਅਦ ਤ੍ਰਿਣਮੂਲ ਸੁਪਰੀਮੋ ਬੈਨਰਜੀ ਨੇ ਹੈਰਾਨੀ ਜ਼ਾਹਰ ਕਰਦਿਆਂ ਸਿਨਹਾ ਦੇ ਬਿਆਨ ‘ਤੇ ਇਤਰਾਜ਼ ਜਤਾਇਆ ਸੀ। ਉਸਨੇ ਕਿਹਾ ਸੀ ਕਿ ਕੁਝ ਨੇਤਾ ਸੀਤਲਕੁਚੀ ਵਰਗੀਆਂ ਹੋਰ ਘਟਨਾਵਾਂ ਦੀ ਚੇਤਾਵਨੀ ਦੇ ਰਹੇ ਹਨ ਜਦਕਿ ਕੁਝ ਆਗੂ ਕਹਿ ਰਹੇ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ। ਮੈਂ ਇਸ ਕਿਸਮ ਦਾ ਵਰਤਾਰਾ ਵੇਖ ਕੇ ਹੈਰਾਨ ਹਾਂ। ਆਖਰ ਲੀਡਰਾਂ ਨੂੰ ਕੀ ਹੋ ਗਿਆ ਹੈ?
ਮਹੱਤਵਪੂਰਣ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਕੂਚ ਬਿਹਾਰ ਦੇ ਸੀਤਲਕੁਚੀ ਵਿਖੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਕਥਿਤ ਹਮਲੇ ਤੋਂ ਬਾਅਦ ਸੀਆਈਐਸਐਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਚਾਰ ਲੋਕ ਮਾਰੇ ਗਏ ਸਨ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਭੀੜ ਵਿੱਚ ਮੌਜੂਦ ਲੋਕਾਂ ਨੇ ਸੀਆਈਐਸਐਫ ਦੇ ਜਵਾਨਾਂ ਤੋਂ ਉਨ੍ਹਾਂ ਦੀਆਂ ਰਾਈਫਲਾਂ ਖੋਹਣ ਦੀ ਕੋਸ਼ਿਸ਼ ਕੀਤੀ।