ਭਾਜਪਾ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਖਬਰਾਂ ਆ ਰਹੀਆਂ ਹਨ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਦੀ ਰਾਜ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਹਰਿਆਣਾ ਤੋਂ ਰਵਨੀਤ ਬਿੱਟੂ ਦੀ ਰਾਜ ਸਭਾ ‘ਚ ਐਂਟਰੀ ਸਿਆਸੀ ਖੇਡ ਨੂੰ ਬਦਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਚੁੱਕ ਕੇ ਭਾਜਪਾ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਦੀਆਂ 4 ਉਪ ਚੋਣ ਸੀਟਾਂ ‘ਤੇ ਨਜ਼ਰ ਰੱਖ ਰਹੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ‘ਚ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਇਸ ਦੌਰਾਨ ਭਾਜਪਾ ਖਾਲੀ ਹੋਈ ਰਾਜ ਸਭਾ ਸੀਟ ‘ਤੇ ਰਵਨੀਤ ਬਿੱਟੂ ਨੂੰ ਮੈਦਾਨ ਵਿਚ ਉਤਾਰ ਕੇ ਸਿੱਖ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ ਕਿਉਂਕਿ ਹਰਿਆਣਾ ਵਿਚ ਸਿੱਖ ਵੋਟਾਂ ਦਾ ਕਾਫੀ ਪ੍ਰਭਾਵ ਹੈ।
ਇਸ ਦੇ ਨਾਲ ਹੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸੀਟਾਂ ਖਾਲੀ ਹੋ ਗਈਆਂ ਹਨ ਜਿੱਥੇ ਉਪ ਚੋਣਾਂ ਹੋਣੀਆਂ ਹਨ। ਇਸ ਲਈ ਬਿੱਟੂ ਨੂੰ ਰਾਜ ਸਭਾ ਵਿੱਚ ਭੇਜ ਕੇ ਭਾਜਪਾ ਪੰਜਾਬ ਵਿੱਚ ਵੀ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।