ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ, ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨਾਮਕ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਐਕਸ਼ਨ ਲੈ ਰਹੀ ਹੈ। ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਹਥਿਆਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਕਸਬਾ ਮੋਡ ਮੰਡੀ ਦਾ ਹੈ ਜਿੱਥੇ ਦੀਪ ਨਾਮ ਦੇ ਇੱਕ ਨੌਜਵਾਨ ਦਾ ਦਰਜਨ ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਦੀਪ ਦੇ ਸਾਲੇ ਜਸਕਰਨ ਸਿੰਘ ਨੇ ਕਿਹਾ ਕਿ ਦੀਪ ਅਕਸਰ ਇਲਾਕੇ ਦੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਸੀ। ਇਸ ਵਿਰੋਧ ਕਾਰਨ, 14 ਅਪ੍ਰੈਲ ਨੂੰ, ਜਦੋਂ ਉਹ ਆਪਣੇ ਪਿਤਾ ਲਈ ਚੌਲ ਪਕਾਉਣ ਤੋਂ ਬਾਅਦ ਦਹੀਂ ਲੈਣ ਗਿਆ, ਤਾਂ ਦੀਪ ਨੂੰ ਲਗਭਗ ਇੱਕ ਦਰਜਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ ਦਿੱਤਾ। ਉਸਦੇ ਦੰਦ ਅਤੇ ਅੱਖਾਂ ਵੀ ਕੱਢ ਦਿੱਤੀਆਂ ਗਈਆਂ।
ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਦੀਪ ਦੀ ਮੌਤ ਹੋ ਗਈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਲਗਾਤਾਰ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਿਹਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।