ਪੰਜਾਬ ਵਿੱਚ ਫਿਲਹਾਲ ਮੌਸਮ ਕਾਫੀ ਸਾਫ ਦੇਖਿਆ ਜਾ ਰਿਹਾ ਹੈ ਮੰਗਲਵਾਰ ਨੂੰ ਖਿਲੀ ਧੁੱਪ ਰਹੀ ਹੈ। ਪਰ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਪੰਜਾਬ ਦਾ ਮੌਸਮ ਬਦਲ ਜਾਵੇਗਾ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਰਾਜ ਵਿੱਚ ਕੁਝ ਥਾਵਾਂ ‘ਤੇ ਦੋ ਦਿਨਾਂ ਤੱਕ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ (ਬੁੱਧਵਾਰ) 17 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਹੈ। ਹਾਲਾਂਕਿ, ਇਹ ਆਮ ਤਾਪਮਾਨ ਨਾਲੋਂ 2.7 ਡਿਗਰੀ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 23.3 ਡਿਗਰੀ ਦਰਜ ਕੀਤਾ ਗਿਆ।
ਹਾਲਾਂਕਿ, ਮੌਸਮ ਵਿਭਾਗ ਵੱਲੋਂ ਧੁੰਦ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।
ਇਸ ਦੇ ਨਾਲ ਹੀ ਹਾਲਾਂਕਿ, ਪੰਜਾਬ ਵਿੱਚ ਰਾਤਾਂ ਅਜੇ ਵੀ ਠੰਢੀਆਂ ਹਨ। ਘੱਟੋ-ਘੱਟ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਕੱਲ੍ਹ ਦੇ ਮੁਕਾਬਲੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਹੈ। ਅਬੋਹਰ ਵਿੱਚ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ ਹੈ।
ਸਾਰੇ ਜ਼ਿਲ੍ਹਿਆਂ ਦਾ ਰਾਤ ਦਾ ਤਾਪਮਾਨ ਛੇ ਡਿਗਰੀ ਤੋਂ ਦਸ ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਹਰ ਪਾਸੇ ਤਾਪਮਾਨ ਡਿੱਗ ਗਿਆ ਹੈ। ਅੰਮ੍ਰਿਤਸਰ ਵਿੱਚ ਤਾਪਮਾਨ 8.0 ਡਿਗਰੀ, ਲੁਧਿਆਣਾ ਵਿੱਚ 10 ਡਿਗਰੀ, ਪਟਿਆਲਾ ਵਿੱਚ 9.1 ਡਿਗਰੀ, ਮੋਹਾਲੀ ਵਿੱਚ 10.8 ਡਿਗਰੀ ਅਤੇ ਬਠਿੰਡਾ ਵਿੱਚ 6.4 ਡਿਗਰੀ ਦਰਜ ਕੀਤਾ ਗਿਆ।