ਚੰਡੀਗੜ੍ਹ ਯੂਨੀਵਰਸਿਟੀ (ਘੜੂਆਂ ਕੈਂਪਸ, ਮੋਹਾਲੀ) ਦੀ ਰੋਇੰਗ ਟੀਮ ਨੇ ਖੇਡ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਪੇਸ਼ ਕਰਦਿਆਂ ਸੁਖਨਾ ਝੀਲ, ਚੰਡੀਗੜ੍ਹ ਵਿਖੇ 21 ਤੋਂ 27 ਮਾਰਚ 2025 ਤੱਕ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 2024-25 ਦੀ ਓਵਰਆਲ ਚੈਂਪੀਅਨ ਟਰਾਫ਼ੀ ‘ਤੇ ਕਬਜ਼ਾ ਕਰ ਲਿਆ ਹੈ।
ਆਲ ਇੰਡੀਆ ਇੰਟਰਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ ਦਾ ਆਯੋਜਨ ਏਆਈਯੂ (ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼) ਦੁਆਰਾ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ‘ਚ ਦੇਸ਼ ਭਰ ਦੀਆਂ 30 ਯੂਨੀਵਰਸਿਟੀਆਂ ਦੇ 700 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ 16 ਲੜਕੇ ਅਤੇ 18 ਲੜਕੀਆਂ ਸਨ।
ਇਸ ਚੈਂਪੀਅਨਸ਼ਿਪ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ 25 ਤਗਮੇ ਜਿੱਤੇ, ਜਿਨ੍ਹਾਂ ‘ਚ 10 ਸੋਨ, 7 ਚਾਂਦੀ ਅਤੇ 8 ਕਾਂਸੀ ਦੇ ਤਗਮੇ ਸ਼ਾਮਲ ਹਨ। 17 ਤਗਮਿਆਂ ਨਾਲ, ਐਲਪੀਯੂ, ਫਗਵਾੜਾ ਨੇ ਪਹਿਲਾ ਰਨਰ-ਅਪ ਸਥਾਨ ਹਾਸਲ ਕੀਤਾ, ਜਦੋਂ ਕਿ ਰਬਿੰਦਰਨਾਥ ਨਾਥ ਟੈਗੋਰ ਯੂਨੀਵਰਸਿਟੀ, ਭੋਪਾਲ 12 ਤਗਮਿਆਂ ਦੇ ਨਾਲ ਦੂਜੀ ਰਨਰ-ਅਪ ਰਹੀ।
ਚੰਡੀਗੜ੍ਹ ਯੂਨੀਵਰਸਿਟੀ ਦੀ ਰੋਇੰਗ ਟੀਮ ਨੇ ਪੁਰਸ਼ਾਂ ਅਤੇ ਮਹਿਲਾਵਾਂ ਦੇ 2000 ਮੀਟਰ ਅਤੇ 500 ਮੀਟਰ ਦੇ ਮੁਕਾਬਲਿਆਂ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਖੇਡ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਮਾਣ ਦਿੱਤਾ।
ਚੰਡੀਗੜ੍ਹ ਯੂਨੀਵਰਸਿਟੀ ਦੀ ਪੁਰਸ਼ ਟੀਮ ਨੇ 2000 ਮੀਟਰ ‘ਚ 6 ਤਗਮੇ ਜਿੱਤੇ ਜਿਨ੍ਹਾਂ ‘ਚ 2 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਸਨ। ਇਸ ਦੇ ਨਾਲ, ਸੀਯੂ ਰੋਵਰਸ ਨੇ ਪੁਰਸ਼ਾਂ ਦੀ 500 ਮੀਟਰ ਦੌੜ ‘ਚ ਕੁੱਲ 6 ਤਗਮੇ ਜਿੱਤੇ, ਜਿਸ ‘ਚ 4 ਸੋਨ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੀ ਮਹਿਲਾ ਟੀਮ ਨੇ ਵੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ 2000 ਮੀਟਰ ਈਵੈਂਟ ‘ਚ 7 ਤਗਮੇ ਜਿੱਤੇ ਜਿਸ ‘ਚ 3 ਸੋਨੇ, 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ ਜਦੋਂ ਕਿ 500 ਮੀਟਰ ਈਵੈਂਟ ‘ਚ ਸੀਯੂ ਦੀ ਟੀਮ ਨੇ 1 ਸੋਨ, 3 ਚਾਂਦੀ ਅਤੇ 2 ਕਾਂਸੀ ਦੇ ਤਗਮਿਆਂ ਨਾਲ 6 ਤਗਮੇ ਜਿੱਤੇ।
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਮਹਿਲਾ ਅਤੇ ਪੁਰਸ਼ ਮੁਕਾਬਲੇ ‘ਚ ਫਰਸਟ ਰਨਰ-ਅਪ ਸਥਾਨ ਪ੍ਰਾਪਤ ਕਰਕੇ ਆਪਣੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਸਬੂਤ ਦਿੱਤਾ।
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ‘ਚ ਇੱਕ ਹੋਰ ਖੰਭ ਜੋੜਦਿਆਂ, ਸੀਯੂ ਦੇ ਛੇ ਵਿਦਿਆਰਥੀਆਂ ਨੂੰ 16 ਤੋਂ 27 ਤਰੀਕ ਤੱਕ ਜਰਮਨੀ ‘ਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੁਣਿਆ ਗਿਆ ਹੈ।
ਇਨ੍ਹਾਂ ਖਿਡਾਰੀਆਂ (ਰੋਅਰਾਂ) ਨੂੰ 28 ਅਤੇ 29 ਮਾਰਚ 2025 ਨੂੰ ਸੁਖਨਾ ਝੀਲ, ਚੰਡੀਗੜ੍ਹ ਵਿਖੇ ਹੋਏ ਟਰਾਇਲਾਂ ਰਾਹੀਂ ਚੁਣਿਆ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਰੋਵਰਸ ਲਈ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੁਣੇ ਜਾਣਾ ਬਹੁਤ ਮਾਣ ਵਾਲਾ ਪਲ ਹੈ। ਚੁਣੇ ਗਏ ਰੋਵਰਾਂ ‘ਚ ਬੀਏ ਪਹਿਲੇ ਸਾਲ ਦੇ ਅੰਕਿਤ, ਵਿਸ਼ਾਲ, ਰੋਹਿਤ ਅਤੇ ਦੂਜੇ ਸਾਲ ਦੇ ਸੌਰਭ, ਰਜਤ ਅਤੇ ਹਰਵਿੰਦਰ ਸ਼ਾਮਲ ਹਨ।