ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਅਧਿਆਪਕ ਵੱਲੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪਾਈ ਗਈ ਇਕ ਪੋਸਟ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੋਸਟ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਤਿੱਖੀ ਨਿੰਦਾ ਦੇ ਚਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਡਿਪਟੀ ਡੀ. ਈ. ਓ. ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।ਉਕਤ ਅਧਿਆਪਕ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਅਧੀਨ ਇਕ ਪਿੰਡ ਦੇ ਸਰਕਾਰੀ ਸਕੂਲ ਵਿਚ ਤਾਇਨਾਤ ਹੈ।
ਇਸ ਅਧਿਆਪਕ ਦੇ ਨਾਮ ’ਤੇ ਬਣੇ ਫੇਸਬੁੱਕ ਅਕਾਊਂਟ ’ਤੇ ਪਾਈ ਪੋਸਟ ਵਿਚ ਲਿਖਿਆ ਕਿ ਦੀਵਾਲੀ ਦੇ ਤਿਉਹਾਰ ’ਤੇ ਜਿਹੜਾ ਵਿਦਿਆਰਥੀ ਆਪਣੇ ਮੂੰਹ, ਅੱਖਾਂ, ਹੱਥ ਸਾੜ ਕੇ ਸਕੂਲ ਪਹੁੰਚੇਗਾ, ਉਸ ਨੂੰ 500 ਰੁਪਏ ਦੇ ਇਨਾਮ ਅਤੇ ‘ਪਟਾਕਿਆਂ ਦੇ ਸਰਦਾਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਪੋਸਟ ਵਿਚ ਅਧਿਆਪਕ ਨੇ ਇਹ ਵੀ ਲਿਖਿਆ ਕਿ ਇਹ ਇਨਾਮ ਉਸ ਨੂੰ ਵਿਸ਼ਵਕਰਮਾ ਦਿਹਾੜੇ ਮੌਕੇ ਸਕੂਲ ਦੀ ਅਸੈਂਬਲੀ ’ਚ ਦਿੱਤਾ ਜਾਵੇਗਾ।