ਲੁਧਿਆਣਾ ਤੋਂ ਕਾਂਗਰਸੀ ਵਰਕਰ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਵਰਕਰ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਆਡਿਓ ਜਾਰੀ ਕੀਤਾ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਵਿਧਾਨ ਸਭਾ ਦਾਖਾ ਅਧੀਨ ਜੰਗਪੁਰ ਦੇ ਰਹਿਣ ਵਾਲੇ ਦਲਜੀਤ ਸਿੰਘ ਉਰਫ ਹੈਪੀ ਬਾਜਵਾ ਨੇ ਕੋਈ ਜਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੀ ਹੈ | ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਵਿੱਚ ਕਾਂਗਰਸ ਪਾਰਟੀ ਦਾ ਸਰਗਰਮ ਵਰਕਰ ਸੀ ਤੇ ਵੱਖ ਵੱਖ ਅਹੁਦਿਆਂ ‘ਤੇ ਕੰਮ ਵੀ ਕਰ ਚੁੱਕਾ ਸੀ।
ਹੈਪੀ ਬਾਜਵਾ ਵੱਲੋਂ ਜਾਰੀ ਆਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਡੀਓ ਵਿੱਚ ਉਸ ਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਉਪਰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਆਡੀਓ ਵਿੱਚ ਸਿੱਧੂ ਨੂੰ ਮੁਖਾਤਿਬ ਹੁੰਦਿਆਂ ਇਹ ਵੀ ਕਿਹਾ ਕਿ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਆਡੀਓ ਵਿੱਚ ਉਸ ਨੇ ਸਿੱਧੂ ਕੋਲ ਦੁੱਖ ਰੋਂਦਿਆਂ ਆਪਣੇ ਭਰਾ ਦੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖਣ ਦੀ ਬੇਨਤੀ ਵੀ ਕੀਤੀ, ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ। ਉਸ ਦਾ ਕਹਿਣਾ ਸੀ ਕਿ ਉਸ ਨੇ 30 ਸਾਲ ਪਾਰਟੀ ਲਈ ਕੰਮ ਕੀਤਾ ਹੈ ਪਰੰਤੂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਅਖੀਰ ਉਸ ਨੇ ਕਿਹਾ ਕਿ ਇਹ ਕੰਮ ਜ਼ਮੀਰ ਮਾਰ ਕੇ ਹੁੰਦੇ ਹਨ, ਇਸ ਲਈ ਉਹ ਇਹ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਘਟਨਾ ਬਾਰੇ ਪਤਾ ਲੱਗਦੇ ਸਾਰ ਹੀ ਬੀਤੀ ਸ਼ਾਮ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਘਰ ਪੁੱਜੇ। ਇਸ ਮੌਕੇ ਸਿੱਧੂ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੇਣ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਟਵੀਟ ਕੀਤਾ ਜਿਸ ‘ਚ ਲਿਖਿਆ ਕਿ ਸੁਹਿਰਦ ਕਾਂਗਰਸੀ ਵਰਕਰ ਦੇ ਆਪਣੀ ਮੌਤ ਸੰਬੰਧੀ ਬੋਲਾਂ ਨੂੰ ਸੁਣ ਕੇ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਉਸਦੇ ਨਜਦੀਕੀਆਂ ਅਤੇ ਪਿਆਰਿਆਂ ਕੋਲ ਤੁਰੰਤ ਪਹੁੰਚਿਆਂ ਅਤੇ ਜੋ ਕਰ ਸਕਦਾ ਸੀ ਉਹ ਕੀਤਾ।
Saddened by the dying declaration of our committed congress worker. Rushed to his near and dear ones, and did what I could – Disconsolate appeal to change the system !!! pic.twitter.com/McEmrmi7GH
— Navjot Singh Sidhu (@sherryontopp) July 30, 2021
ਮੁੱਖ ਮੰਤਰੀ ਵੱਲੋਂ ਜਾਂਚ ਦੇ ਹੁਕਮ
ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਟਵੀਟ ਰਾਹੀਂ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।