Punjab Haryana Weather Update Today: ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ‘ਚ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਰਾਤ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਇਸ ਦੇ ਨਾਲ ਹੀ ਦਿਨ ਦਾ ਤਾਪਮਾਨ 22.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸ ਦਈਏ ਕਿ ਮੌਸਮ ਵਿਭਾਗ ਵਲੋਂ ਪੰਜਾਬ ਦੇ ਇਲਾਕਿਆਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਗੱਲ ਗੁਆਂਢੀ ਸੂਬੇ ਹਰਿਆਣਾ ਦੀ ਕੀਤੀ ਜਾਵੇ ਤਾਂ ਫਿਲਹਾਲ ਹਰਿਆਣਾ ‘ਚ ਮੌਸਮ ‘ਚ ਬਦਲਾਅ ਦੇ ਕੋਈ ਸੰਕੇਤ ਨਹੀਂ ਹਨ।
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿਨ ਵੇਲੇ ਮੌਸਮ ਸਾਫ਼ ਰਹੇਗਾ। ਚੰਗੀ ਧੁੱਪ ਨਿਕਲੇਗੀ ਪਰ ਇਸ ਦੇ ਨਾਲ ਹੀ ਠੰਢੀਆਂ ਹਵਾਵਾਂ ਵੀ ਚੱਲਦੀਆਂ ਰਹਿਣਗੀਆਂ। ਇਸ ਕਾਰਨ ਸਵੇਰ ਤੇ ਸ਼ਾਮ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਮਾਹਿਰਾਂ ਨੇ ਦੱਸਿਆ ਕਿ ਇਸ ਸਮੇਂ ਪਹਾੜਾਂ ਵਿੱਚ ਮੌਸਮ ਸਾਫ਼ ਹੈ। ਦਿਨ ਵਿੱਚ ਧੁੱਪ ਹੁੰਦੀ ਹੈ। ਇਸ ਕਾਰਨ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਰਾਤ ਵੇਲੇ ਪਹਾੜੀ ਇਲਾਕਿਆਂ ਤੋਂ ਠੰਢੀਆਂ ਹਵਾਵਾਂ ਆਉਂਦੀਆਂ ਹਨ। ਇਸ ਕਾਰਨ ਮੈਦਾਨੀ ਇਲਾਕਿਆਂ ‘ਚ ਸਵੇਰ ਅਤੇ ਸ਼ਾਮ ਨੂੰ ਠੰਢ ਮਹਿਸੂਸ ਕੀਤੀ ਜਾ ਰਹੀ ਹੈ।
ਪੰਜਾਬ ‘ਚ ਸ਼ੀਤ ਲਹਿਰ ਜਾਰੀ, ਦੋ ਦਿਨਾਂ ਤੱਕ ਯੈਲੋ ਅਲਰਟ
ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਦੋ ਦਿਨਾਂ (ਸ਼ੁੱਕਰਵਾਰ ਅਤੇ ਸ਼ਨੀਵਾਰ) ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਸੀਤ ਲਹਿਰ ਵਧੇਗੀ ਅਤੇ ਠੰਢ ਵੀ ਵਧੇਗੀ। ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਸੀਤ ਲਹਿਰ ਜਾਰੀ ਰਹੀ। ਰਾਤ ਦਾ ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਹੈ।
ਵੀਰਵਾਰ ਨੂੰ ਰੋਪੜ ਦਾ ਘੱਟੋ-ਘੱਟ ਤਾਪਮਾਨ 3.9 ਡਿਗਰੀ ਰਿਹਾ ਜਿਸ ਨਾਲ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਦੌਰਾਨ ਪੰਜਾਬ ਵਿੱਚ ਕੁਝ ਥਾਵਾਂ ’ਤੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 24 ਘੰਟਿਆਂ ਦੌਰਾਨ 2 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਸੀਤ ਲਹਿਰ ਚਲੀ ਉਨ੍ਹਾਂ ‘ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਰੂਪਨਗਰ ਸ਼ਾਮਲ ਹਨ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਦੇ ਨਾਲ ਹੀ ਹੁਸ਼ਿਆਰਪੁਰ ‘ਚ ਘੱਟੋ-ਘੱਟ ਤਾਪਮਾਨ 4.7 ਡਿਗਰੀ, ਬਠਿੰਡਾ ‘ਚ 5.4, ਫਰੀਦਕੋਟ ‘ਚ 5.2, ਗੁਰਦਾਸਪੁਰ ‘ਚ 5.0, ਫਿਰੋਜ਼ਪੁਰ ਅਤੇ ਗੁਰਦਾਸਪੁਰ ‘ਚ 5.3 ਡਿਗਰੀ, ਅੰਮ੍ਰਿਤਸਰ ‘ਚ 6.6, ਲੁਧਿਆਣਾ ‘ਚ 6.4, ਪਟਿਆਲਾ ‘ਚ 6.6 ਅਤੇ ਜਲੰਧਰ ‘ਚ 6.4 ਡਿਗਰੀ ਰਿਕਾਰਡ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h