ਪੰਜਾਬ ਅਤੇ ਚੰਡੀਗੜ੍ਹ ‘ਚ ਕਈ ਦਿਨਾਂ ਤੋਂ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ।ਧੁੰਦ ਪੈਣ ਤੇ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ।ਜਿਵੇਂ ਜਿਵੇਂ ਠੰਡ ਵੱਧਦੀ ਹੈ, ਸਰੀਰਕ ਗਤੀਵਿਧੀ ਵੀ ਘੱਟ ਜਾਂਦੀ ਹੈ।ਅਜਿਹੀ ਸਥਿਤੀ ‘ਚ ਠੰਡ ਨਾਲ ਹਾਈਪੋਥਰਮੀਆ ਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਦਸ਼ਾ ਵੱਧ ਸਕਦਾ ਹੈ।ਇਸ ਕਾਰਨ ਜਾਨ ਵੀ ਜਾ ਸਕਦੀ ਹੈ।ਠੰਡ ‘ਚ ਦਿਲ ਦਾ ਦੌਰਾ ਪੈਣ ਦੇ ਮਾਮਲੇ ਵੱਧ ਜਾਂਧੇ ਹਨ।ਖ਼ਾਸ ਤੌਰ ‘ਤੇ ਉਨ੍ਹਾਂ ਮਰੀਜ਼ਾਂ ‘ਚ ਜਿਨ੍ਹਾਂ ਨੂੰ ਪਹਿਲਾਂ ਹੀ ਸ਼ੂਗਰ ਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਹਨ।ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਪੀ.ਜੀ.ਆਈ ਐਡਵਾਂਸਡ ਕਾਰਡਿਅਕ ਸੈਂਟਰ ਦੇ ਪ੍ਰੋਫੈਸਰ ਡਾ. ਵਿਜੇ ਵਰਗੀਆ ਅਨੁਸਾਰ ਸਰਦੀਆਂ ਦਾ ਮੌਸਮ ਆਉਂਦੇ ਹੀ ਰੋਜ਼ਾਨਾ ਦੀ ਰੂਟੀਨ ‘ਚ ਆਪਣੇ ਆਪ ਬਦਲਾਅ ਆ ਜਾਂਦਾ ਹੈ।ਸਰੀਰਕ ਗਤੀਵਿਧੀ ਤੇ ਬਾਹਰ ਜਾਣਾ ਘੱਟ ਜਾਂਦਾ ਹੈ।ਅਜਿਹੀ ਸਥਿਤੀ ‘ਚ ਭਾਰ ਵੱਧਣਾ, ਹਵਾ ਪ੍ਰਦੂਸ਼ਣ, ਇਨਡੋਰ ਸਮੋਕਿੰਗ ਆਦਿ ਦਾ ਦਿਲ ‘ਤੇ ਅਸਰ ਪੈਂਦਾ ਹੈ।ਹਾਈ ਬਲੱਡ ਪ੍ਰੈਸ਼ਰ ਸਰਦੀ ਦੇ ਮੌਸਮ ਦਾ ਵੱਡਾ ਪ੍ਰਭਾਵ ਹੈ।ਬਹੁਤ ਘੱਟ ਤਾਪਮਾਨ ਦੇ ਸੰਪਰਕ ‘ਚ ਆਉਣ ਨਾਲ ਸਰੀਰ ‘ਚ ਕਈ ਅੰਦਰੂਨੀ ਤਬਦੀਲੀਆਂ ਆਉਂਦੀਆਂ ਹਨ।ਜਿਵੇਂ ਧਮਨੀਆਂ ਦਾ ਸੁੰਗੜਨਾ, ਐਡਰੇਨਾਈਨ ਸਤਰਾਵ ‘ਚ ਇਜਾਫਾ, ਪਲੇਟਲੇਟ ਦਾ ਇਕੱਠਾ ਹੋਣਾ ਥੱਕੇ ਬਣਨੇ ਸ਼ੁਰੂ ਹੋ ਜਾਂਦੇ ਹਨ।ਕੋਰੋਨਰੀ ਹਾਰਟ ਡਿਜ਼ੀਜ਼ ਕਾਰਨ ਐਨਜਾਈਨਾ ਜਾ ਛਾਤੀ ‘ਚ ਹੋਣ ਵਾਲਾ ਦਰਦ ਵੀ ਵਧ ਸਕਦਾ ਹੈ।
ਖਾਸ ਤੌਰ ‘ਤੇ ਉਦੋਂ ਜਦੋਂ ਕੋਰੋਨਰੀ ਆਰਟਰੀਜ਼ ਠੰਡ ‘ਚ ਸੁੰਗੜ ਜਾਂਦੀਆਂ ਹਨ।ਇਸ ਮੌਸਮ ‘ਚ ਦਿਲ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਜ਼ਿਆਦਾ ਮਿਹਨਤ ਕਰਦਾ ਹੈ।ਸਰਦੀਆਂ ਦੀ ਹਵਾ ਭਾਵ ਸੀਤ ਲਹਿਰ ਇਸ ਕੰਮ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ।ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ।ਅਜਿਹੀ ਸਥਿਤੀ ‘ਚ ਖੁਦ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਜਲਦੀ ਜਾਂ ਦੇਰ ਸ਼ਾਮ ਦੀ ਬਜਾਏ ਦਿਨ ‘ਚ ਰੋਜ਼ਾਨਾ ਸੈਰ ਕਰੋ ਜਾਂ ਕਸਰਤ ਕਰੋ।