ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਸੇਕ ਹੁਣ ਰਾਜਨੀਤਿਕ ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਸਲਿਆਂ ਨੂੰ ਵੀ ਲੱਗ ਰਿਹਾ ਹੈ।
ਜਿਸ ਦਾ ਖਮਿਆਜਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਲੜਕੀਆਂ ਜੋ ਵਿਆਹ ਕਰਵਾਕੇ ਇਥੇ ਆਈਆਂ ਸਨ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ।
ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਵਿੱਚ ਦੇਖਣ ਨੂੰ ਆਇਆ ਜਿੱਥੇ ਦੇ ਨੌਜਵਾਨ ਸੋਨੂ ਮਸੀਹ ਪੁੱਤਰ ਬਲਦੇਵ ਮਸੀਹ ਨੇ ਪਾਕਿਸਤਾਨ ਤੇ ਜ਼ਿਲ੍ਹਾ ਗੁਜਰਾਂਵਾਲਾ ‘ਚ ਰਹਿੰਦੀ ਆਪਣੇ ਹੀ ਮਜਹਬ ਦੀ ਲੜਕੀ ਮਾਰੀਆ ਪੁੱਤਰੀ ਸੈਮੂਅਨ ਸੀ ਨਾਲ ਕਰੀਬ 1 ਸਾਲ ਪਹਿਲਾਂ 8 ਜੁਲਾਈ 2024 ਨੂੰ ਪ੍ਰੇਮ ਵਿਆਹ ਕਰਵਾਇਆ ਸੀ।
ਇਸ ਮੌਕੇ ਨੌਜਵਾਨ ਅਤੇ ਉਸਦੀ ਪਤਨੀ ਜੋ ਕੀ 7 ਮਹੀਨੇ ਦੀ ਗਰਭਵਤੀ ਹੈ ਨੇ ਆਪਣੇ ਮਾਪਿਆਂ ਦੀ ਹਾਜ਼ਰੀ ਅਤੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਹੁਣ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ।
ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਨਾਅ ਵਧਿਆ ਹੋਇਆ ਹੈ ਅਤੇ ਉਹ ਬਾਰ-ਬਾਰ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਕਰਨ ਵਾਲੇ ਲੋਕਾਂ ਨੂੰ ਕੋਸ ਰਹੇ ਹਨ।
ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਰੂਰ ਰਿਆਇਤ ਦਿੱਤੀ ਜਾਵੇ। ਗੌਰ ਤਲਬ ਹੈ ਕਿ ਮਾਰੀਆ ਇਸ ਵੇਲੇ ਸੱਤ ਮਹੀਨੇ ਦੀ ਗਰਭਵਤੀ ਹੈ ਇਹਨਾਂ ਹਾਲਾਤਾਂ ਵਿੱਚ ਪਰਿਵਾਰ ਅਤੇ ਉਸਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੈ ਅਤੇ ਮਾਰੀ ਵੀ ਇਸ ਹਾਲਤ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਹੈ।
ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨ ਬਿਨ ਪਾਲਣਾ ਕਰਨਾ ਉਹਨਾਂ ਦਾ ਫਰਜ਼ ਹੈ। ਹਲਕਾ DSP ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ।