ਪੰਜਾਬ ਇਸ ਸਮੇਂ ਅਜਿਹੇ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ ਜਿੱਥੇ ਹਰ ਇੱਕ ਨੂੰ ਪੰਜਾਬ ਦੇ ਨਾਲ ਖੜ੍ਹਨ ਦੀ ਲੋੜ ਹੈ ਅਜਿਹੇ ਸਮੇਂ ਵਿੱਚ ਹਰ ਕੋਈ ਜਿੰਨੀ ਹੋ ਸਕੇ ਪੰਜਾਬ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਲੜ੍ਹੀ ਦੀ ਵਿੱਚ ਹੁਣ ਇੱਕ ਹੋਰ ਨਾਮ ਜੁੜ ਚੁੱਕਿਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਇਨ੍ਹੀਂ ਦਿਨੀ ਆਸਟ੍ਰੇਲੀਆ ਦੌਰੇ ’ਤੇ ਹਨ। ਉਨ੍ਹਾਂ ਦੇ ਸਨਮਾਨ ਵਿੱਚ ਮੈਲਬੌਰਨ ਦੇ ਪ੍ਰਸਿੱਧ ਪੰਜਾਬੀ ਰੇਡੀਓ ‘ਹਾਂਜੀ’ ਵੱਲੋਂ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜੋ ਕਿ ਆਮ ਪ੍ਰੋਗਰਾਮਾਂ ਤੋਂ ਬਿਲਕੁਲ ਵੱਖਰਾ ਸੀ ਕਿਉਂਕਿ ਇਸ ਨੂੰ ‘ਮਾਸਟਰ ਕਲਾਸ’ ਦਾ ਰੂਪ ਦਿੱਤਾ ਗਿਆ ਸੀ ਜਾਣਕਾਰੀ ਅਨੁਸਾਰ ਜਿਸ ਰਾਂਹੀ ਉੱਭਰਦੇ ਲੇਖਕਾਂ ਤੇ ਸ਼ਾਇਰਾਂ ਨੂੰ ਪ੍ਰੇਰਣਾਦਾਇਕ ਮੰਚ ਮੁੱਹਇਆ ਕਰਵਾਇਆ ਗਿਆ ਸੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਦੂਰ-ਦੁਰਾਡੇ ਤੋਂ ਦੇਬੀ ਮਖਸੂਸਪੁਰੀ ਦੇ ਪ੍ਰਸ਼ੰਸਕ ਚਾਹੁਣ ਵਾਲੇ ਉਨ੍ਹਾਂ ਨੂੰ ਸੁਨਣ ਲਈ ਪਹੁੰਚੇ ਹੋਏ ਸਨ।
ਇਸ ਮੌਕੇ ਦੇਬੀ ਨੇ ਆਪਣੀ ਲੇਖਣੀ ਅਤੇ ਗਾਇਕੀ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਕਦੇ ਖ਼ਤਮ ਨਹੀਂ ਹੁੰਦੀ ਤੇ ਉਹ ਖੁਦ ਅੱਜ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਜਾਵੇਦ ਅਖ਼ਤਰ, ਸਾਹਿਰ ਲੁਧਿਆਣਵੀ, ਅਤੇ ਸੁਰਜੀਤ ਪਾਤਰ ਵਰਗੇ ਮਹਾਨ ਸ਼ਾਇਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਸ਼ਖ਼ਸੀਅਤਾਂ ਉਨ੍ਹਾਂ ਦੇ ਪ੍ਰੇਰਣਾ ਸਰੋਤ ਰਹੇ ਹਨ ਤੇ ਅੱਜ ਵੀ ਜਦੋ ਸਮਾਂ ਲੱਗੇ ਕੁਝ ਨਾ ਕੁਝ ਜ਼ਰੂਰ ਪੜ੍ਹਦਾ ਹਾਂ ਤੇ ਲਿਖਦਾ ਵੀ ਹਾਂ। ਮਾਸਟਰ ਕਲਾਸ ਦੌਰਾਨ ਦੇਬੀ ਨੇ ਨਵੇਂ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਲੇਖਣ ਕਲਾ ਦੇ ਬੇਮਿਸਾਲ ਗੁਰ ਦਿੱਤੇ। ਪਿਤਾ ਦਿਵਸ ਦੇ ਮੌਕੇ ਉਨ੍ਹਾਂ ਵੱਲੋਂ ਸੁਣਾਈ ਕਵਿਤਾ ਨੇ ਦਰਸ਼ਕਾਂ ਨੂੰ ਖਾਸ ਤੌਰ ’ਤੇ ਭਾਵੁਕ ਕਰ ਦਿੱਤਾ।
ਦੱਸ ਦੇਈਏ ਕਿ ਸਮਾਗਮ ਵਿੱਚ ਦੇਬੀ ਮਖਸੂਸਪੁਰੀ ਨੇ ਇੱਕ ਮਹੱਤਵਪੂਰਨ ਐਲਾਨ ਵੀ ਕੀਤਾ ਉਨ੍ਹਾਂ ਵੱਲੋਂ ਦਸਤਖ਼ਤ ਕੀਤੀ ਕਿਤਾਬਾਂ ਦੀ ਵਿਕਰੀ ਅਤੇ ਸ਼ੋਅ ਤੋਂ ਇਕੱਠੀ ਹੋਈ ਸਾਰੀ ਰਕਮ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜੀ ਜਾਵੇਗੀ।