Delhi Ban on firecrackers: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 2,625 ਕਿਲੋਗ੍ਰਾਮ ਗੈਰ-ਕਾਨੂੰਨੀ ਪਟਾਕੇ ਬਰਾਮਦ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪਟਾਕੇ ਆਉਣ ਵਾਲੇ ਤਿਉਹਾਰਾਂ ਦੌਰਾਨ ਵੇਚਣ ਲਈ ਲਿਜਾਏ ਜਾ ਰਹੇ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮੁਕੁਲ ਜੈਨ (24) ਅਤੇ ਤੁਸ਼ਾਰ ਜੈਨ (19) ਵਜੋਂ ਹੋਈ ਹੈ। ਉਨ੍ਹਾਂ ਨੂੰ ਮੰਡੋਲੀ ਉਦਯੋਗਿਕ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਸ਼ਾਹਦਰਾ ਦਾ ਰਹਿਣ ਵਾਲਾ ਮੁਕੁਲ ਸਾਲ 2018 ਤੋਂ ਪਟਾਕਿਆਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰ ਰਿਹਾ ਹੈ ਜਦਕਿ ਤੁਸ਼ਾਰ 2020 ਤੋਂ 12,000 ਰੁਪਏ ਮਹੀਨਾ ਤਨਖਾਹ ‘ਤੇ ਉਸ ਨਾਲ ਕੰਮ ਕਰ ਰਿਹਾ ਹੈ।
ਦਿੱਲੀ ‘ਚ ਪਟਾਕਿਆਂ ‘ਤੇ ਪਾਬੰਦੀ ਜਾਰੀ
ਦਿੱਲੀ ‘ਚ ਫਿਲਹਾਲ ਪਟਾਕਿਆਂ ‘ਤੇ ਪਾਬੰਦੀ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਫਿਲਹਾਲ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਕਿਹਾ ਕਿ ਉਹ ਦੀਵਾਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ਮਾਮਲੇ ਦੀ ਮੁੜ ਸੁਣਵਾਈ ਕਰੇਗੀ। ਅਦਾਲਤ ਨੇ ਕਿਹਾ, “ਅਸੀਂ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ/ਐਨਸੀਆਰ ਲਈ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਸੀ। ਸਾਡਾ ਹੁਕਮ ਬਿਲਕੁਲ ਸਪੱਸ਼ਟ ਹੈ।” ਅਦਾਲਤ ਨੇ ਇਸ ਪਟੀਸ਼ਨ ਨੂੰ ਹੋਰ ਪਟੀਸ਼ਨਾਂ ਦੇ ਨਾਲ ਟੈਗ ਕੀਤਾ ਹੈ।
ਜਸਟਿਸ ਐਮਆਰ ਸ਼ਾਹ ਨੇ ਕਿਹਾ ਕਿ ਅਸੀਂ ਪਟਾਕਿਆਂ ਦੀ ਇਜਾਜ਼ਤ ਕਿਵੇਂ ਦਇਏ, ਭਾਵੇਂ ਉਹ ਗ੍ਰੀਨ ਪਟਾਕੇ ਹੀ ਕਿਉਂ ਨਾ ਹੋਣ। ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਕਿ ਤੁਸੀਂ ਦਿੱਲੀ ਦਾ ਪ੍ਰਦੂਸ਼ਣ ਦੇਖਿਆ ਹੈ। ਦੱਸ ਦੇਈਏ ਕਿ ਭਾਜਪਾ ਸੰਸਦ ਮਨੋਜ ਤਿਵਾਰੀ ਨੇ ਪਟੀਸ਼ਨ ਦਾਇਰ ਕੀਤੀ ਸੀ। ਦਰਅਸਲ, ਭਾਜਪਾ ਸੰਸਦ ਮਨੋਜ ਤਿਵਾੜੀ ਦਿੱਲੀ ਸਰਕਾਰ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚੇ।
ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੀਵਨ ਦੇ ਅਧਿਕਾਰ ਦੇ ਬਹਾਨੇ ਧਰਮ ਦੀ ਆਜ਼ਾਦੀ ਨਹੀਂ ਖੋਹੀ ਜਾ ਸਕਦੀ। ਤਿਵਾੜੀ ਨੇ ਦਿੱਲੀ ਸਰਕਾਰ ਨੂੰ ਪਟਾਕਿਆਂ ਦੀ ਵਿਕਰੀ, ਖਰੀਦ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਹੁਕਮਾਂ ਦੀ ਮੰਗ ਕੀਤੀ ਸੀ।