ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਮੌਜੂਦਾ ਸਾਲ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਰਜ ਕਰਨ ਦੇ ਨਾਲ ਨਾਲ ਹੜ੍ਹਾਂ ਦੌਰਾਨ ਰਾਜ ਦੇ ਪਸ਼ੂਧਨ ਦੀ ਸੁਰੱਖਿਆ ਲਈ ਮਿਸਾਲੀ ਕੰਮ ਕੀਤੇ ਹਨ। ਪੰਜਾਬ ਸਰਕਾਰ ਨੇ ਸੂਬੇ ਦੇ 12 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂ-ਧਨ ਨੂੰ ਬਚਾਉਣ ਲਈ ਫੌਰੀ ਅਤੇ ਸਰਗਰਮ ਭੂਮਿਕਾ ਨਿਭਾਈ। 713 ਪ੍ਰਭਾਵਿਤ ਪਿੰਡਾਂ ਵਿੱਚ 492 ਰੈਪਿਡ-ਰਿਸਪਾਂਸ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਤੋਂ ਇਲਾਵਾ, 24 ਘੰਟੇ ਐਮਰਜੈਂਸੀ ਗਰਿੱਡ ਸਥਾਪਤ ਕੀਤਾ ਗਿਆ ਅਤੇ 3.19 ਲੱਖ ਤੋਂ ਵੱਧ ਪਸ਼ੂਆਂ ਨੂੰ ਮੁਫਤ ਡਾਕਟਰੀ ਇਲਾਜ ਪ੍ਰਦਾਨ ਕੀਤਾ ਗਿਆ। ਪੰਜਾਬ ਸਰਕਾਰ ਦੀਆਂ ਟੀਮਾਂ ਨੇ ਜ਼ਮੀਨੀ ਪੱਧਰ ‘ਤੇ ਅਣਥੱਕ ਮਿਹਨਤ ਕੀਤੀ, ਨਾ ਸਿਰਫ ਇਲਾਜ ਕੀਤਾ ਬਲਕਿ ਬਿਮਾਰੀਆਂ ਨੂੰ ਫੈਲਣ ਤੋਂ ਵੀ ਰੋਕਿਆ ਤਾਂ ਜੋ ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਹੜ੍ਹ ਦੇ ਪ੍ਰਭਾਵ ਨੂੰ ਘਟਾਉਣ ਦੇ ਯਤਨਾਂ ਵਿਚ ਇਲਾਜ ਅਤੇ ਰੋਕਥਾਮ ਦੋਵੇਂ ਸ਼ਾਮਲ ਸਨ। ਪਸ਼ੂਆਂ ਵਿੱਚ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ 2.53 ਲੱਖ ਤੋਂ ਵੱਧ ਪਸ਼ੂਧਨ ਨੂੰ ਮੁਫਤ ਬੂਸਟਰ ਖੁਰਾਕ ਲਗਾਈ ਗਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਤਾਲਮੇਲ ਕਰਕੇ, ਪਸ਼ੂਆਂ ਲਈ ਅਹਿਮ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ, ਜਿਸ ਵਿੱਚ 20,000 ਕੁਇੰਟਲ ਤੋਂ ਵੱਧ ਫੀਡ, 16,000 ਕੁਇੰਟਲ ਤੋਂ ਵੱਧ ਸਾਈਲੇਜ, ਹਜ਼ਾਰਾਂ ਕੁਇੰਟਲ ਚਾਰਾ ਅਤੇ ਤੂੜੀ, 234 ਕੁਇੰਟਲ ਖਣਿਜ ਮਿਸ਼ਰਣ, ਡੀਵਰਮਰ ਦੀਆਂ 68 ਹਜ਼ਾਰ ਤੋਂ ਵੱਧ ਖੁਰਾਕਾਂ ਅਤੇ 194 ਕਿਲੋਗ੍ਰਾਮ ਪੋਟਾਸ਼ੀਅਮ ਪਰਮੇਂਗਨੇਟ ਦਿੱਤਾ ਗਿਆ। ਇਸ ਤੋਂ ਇਲਾਵਾ, ਪਸ਼ੂ ਪਾਲਕਾਂ ਨੂੰ ਆਫ਼ਤ ਦੌਰਾਨ ਮਾਰਗਦਰਸ਼ਨ ਕਰਨ ਲਈ 1,619 ਜਾਗਰੂਕਤਾ ਕੈਂਪ ਵੀ ਲਗਾਏ ਗਏ। ਹੜ੍ਹ ਰਾਹਤ ਤੋਂ ਇਲਾਵਾ ਵਿਭਾਗ ਦੀ ਪ੍ਰਗਤੀ ਨੂੰ ਉਜਾਗਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੌਲੀਕਲੀਨਿਕਾਂ ਲਈ 22 ਆਧੁਨਿਕ ਪਸ਼ੂ ਲਿਫਟਰ ਖਰੀਦੇ ਗਏ। ਇਸ ਤੋਂ ਇਲਾਵਾ ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਸਥਿਤ ਛੇ ਪੌਲੀਕਲੀਨਿਕਾਂ ਨੂੰ ਬਿਹਤਰੀਨ ਪਸ਼ੂ ਦੇਖਭਾਲ ਲਈ ਨਵੇਂ ਆਈ.ਪੀ. ਡੀਜ਼. ਨਾਲ ਅਪਗ੍ਰੇਡ ਕੀਤਾ ਗਿਆ । ਪੰਜਾਬ ਭਰ ਵਿੱਚ ਇੱਕ ਮਜ਼ਬੂਤ ਰੋਕਥਾਮ ਸਿਹਤ ਸੰਭਾਲ ਢਾਲ ਸਥਾਪਤ ਕੀਤੀ ਗਈ, ਜਿਸ ਵਿੱਚ ਅਧਿਕਾਰੀਆਂ ਨੇ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ 24.27 ਲੱਖ ਮੁਫਤ ਖੁਰਾਕਾਂ, ਮੂੰਹਖੁਰ ਦੀ ਬਿਮਾਰੀ ਖ਼ਿਲਾਫ਼ 126.22 ਲੱਖ ਖੁਰਾਕਾਂ ਦੇ ਪ੍ਰਬੰਧਨ ਦੀ ਰਿਪੋਰਟ ਪੇਸ਼ ਕੀਤੀ ਹੈ।







