Diwali in Pind Moosa: ਇਸ ਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿੰਡ ਮੂਸੇ ‘ਚ ਲੋਕ ਕਾਲੀ ਦੀਵਾਲੀ (Kali Diwali) ਮਨਾਉਣਗੇ। ਮੂਸੇਵਾਲਾ ਕਤਲ ਕਾਂਡ ਵਿੱਚ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਤੇ ਪਿੰਡ ਵਾਸੀ ਰੋਹ ਵਿੱਚ ਹਨ। ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਪਿੰਡ ਮੂਸੇ ਵਿੱਚ ਦੀਵਾਲੀ (Diwali) ਨਹੀਂ ਮਨਾਈ ਜਾਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿੰਡ ਦਾ ਕੋਈ ਵੀ ਦੁਕਾਨਦਾਰ ਪਟਾਕੇ ਜਾਂ ਮਠਿਆਈ ਨਹੀਂ ਲੈ ਕੇ ਆਇਆ। ਉਨ੍ਹਾਂ ਦੱਸਿਆ ਕਿ ਸਿੱਧੂ ਪੰਜਾਬੀਆਂ ਅਤੇ ਪਿੰਡ ਦਾ ਮਾਣ ਸੀ। ਉਸਦੇ ਕਤਲ ਤੋਂ ਬਾਅਦ ਪਿੰਡ ਦੇ ਚੁੱਲ੍ਹੇ ਠੰਢੇ ਹਨ। ਉਨ੍ਹਾਂ ਦੀ ਸਮਾਧ ‘ਤੇ ਰੋਜ਼ਾਨਾ ਸੈਂਕੜੇ ਲੋਕ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਦੀਵਾਲੀ ਕਾਲੀ ਹੋਵੇਗੀ।
ਕੱਢਿਆ ਜਾਵੇਗਾ ਕੈਂਡਲ ਮਾਰਚ
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ। 29 ਮਈ ਨੂੰ ਪਿੰਡ ਜਵਾਹਰਕੇ ‘ਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਸਿੱਧੂ ਮੂਸੇਵਾਲਾ ਨੂੰ ਸ਼ਾਰਪ ਸ਼ੂਟਰਾਂ ਨੇ ਮਾਰ ਦਿੱਤਾ ਸੀ।
ਸਿੱਧੂ ਦੀ ਮਾਤਾ ਚਰਨ ਕੌਰ ਨੇ ਕਈ ਵਾਰ ਜਤਾਈ ਨਾਰਾਜ਼ਗੀ
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਸੀ ਕਿ ਸਾਨੂੰ ਕਿਸੇ ਸਰਕਾਰ ਅਤੇ ਪੁਲਿਸ ਤੋਂ ਇਨਸਾਫ਼ ਦੀ ਉਮੀਦ ਨਹੀਂ ਹੈ। ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਬਜਾਏ ਸਿਰਫ਼ ਢਕਵੰਜ ਹੀ ਕਰ ਰਹੀ ਹੈ। ਪੰਜਾਬ ਪੁਲਿਸ ਗੈਂਗਸਟਰਾਂ ਦੇ ਫਰਜ਼ੀ ਰਿਮਾਂਡ ਲੈ ਕੇ ਵਿਖਾਵਾ ਕਰਨ ‘ਚ ਲੱਗੀ ਹੋਈ ਹੈ, ਨਹੀਂ ਤਾਂ ਪੁਲਿਸ ਰਿਮਾਂਡ ਤੋਂ ਬਾਅਦ ਬੰਦਾ ਤੁਰ ਪੈਂਦਾ ਪਰ ਫਿਰ ਵੀ ਸਾਰੇ ਗੈਂਗਸਟਰ ਹੱਸਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਗੈਂਗਸਟਰ ਦਾ ਫਰਾਰ ਹੋਣਾ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਗੈਂਗਸਟਰਾਂ ਨਾਲ ਜੱਫੀਆਂ ਪਾ ਫੋਟੋਆਂ ਖਿਚਵਾਉਣਾ ਸਾਬਤ ਕਰਦਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੁਲਿਸ ਕਿੰਨੀ ਲਾਪਰਵਾਹ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀ ਬਲਤੇਜ ਪੰਨੂ ਨੇ ਸਿੱਧੂ ਦੀ ਸੁਰੱਖਿਆ ਦਾ ਮਾਮਲਾ ਲੀਕ ਕੀਤਾ। ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜੇਕਰ ਪੁਲਿਸ ਸਿੱਧੂ ਨੂੰ ਇਨਸਾਫ਼ ਦੇਣਾ ਚਾਹੁੰਦੀ ਸੀ ਤਾਂ ਬਲਤੇਜ ਪੰਨੂ ‘ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਗੱਲ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਆਮ ਆਦਮੀ ਦੀ ਸੁਰੱਖਿਆ ਗਾਇਬ ਹੈ। ਆਮ ਆਦਮੀ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ‘ਆਪ’ ਦੇ 92 ਵਿਧਾਇਕਾਂ ਚੋਂ ਕਿਸੇ ਨੇ ਵੀ ਮੂਸੇਵਾਲਾ ਕਤਲ ਕੇਸ ਵਿੱਚ ਮੂੰਹ ਨਹੀਂ ਖੋਲ੍ਹਿਆ ਕਿਉਂਕਿ ਉਨ੍ਹਾ ਨੂੰ ਸਰਕਾਰੀ ਕੁਰਸੀਆਂ ਨਾਲ ਪਿਆਰ ਹੈ।