ਪੰਜਾਬ ‘ਚ ਲੁੱਟਾਂ-ਖੋਹਾਂ, ਠੱਗੀਆਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਹੀ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਹੁਣ ਜਲੰਧਰ ਤੋਂ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਬੀ.ਐੱਮ.ਸੀ. ਚੌਕ ਨੇੜੇ ਸੰਜੇ ਗਾਂਧੀ ਮਾਰਕੀਟ ਸਥਿਤ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਮਾਲਕ ਤੇ ਭਾਈਵਾਲ ਬੰਟੀ-ਬਬਲੀ ਪਤੀ-ਪਤਨੀ ਖਿਲਾਫ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ 2 ਕੇਸ ਦਰਜ ਕੀਤੇ ਹਨ।ਵਿਨੀਤ ਬੇਰੀ ਤੇ ਉਸਦੀ ਪਤਨੀ ਨੇ ਨਰਸ ਸਮੇਤ 2 ਹੋਰ ਲੋਕਾਂ ਨੂੰ ਵੀ ਕੈਨੇਡਾ ‘ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕੁੱਲ 28 ਲੱਖ 14 ਹਜ਼ਾਰ ਰੁਪਏ ਠੱਗ ਲਏ ਤੇ ਫਿਰ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ।ਇਕ ਮਾਮਲੇ ‘ਚ ਮੁਲਜ਼ਮਾਂ ਨੇ ਜਾਅਲੀ ਵੀਜ਼ਾ ਵੀ ਬਣਾ ਦਿੱਤਾ ਸੀ।
ਦੱਸ ਦੇਈਏ ਕਿ ਇਸ ਪਤੀ ਪਤਨੀ ਵਲੋਂ 24 ਸਤੰਬਰ ਨੂੰ ਵੀ ਵਿਨੀਤ ਤੇ ਉਸਦੀ ਪਤਨੀ ਮੋਨਾ ਸ਼ਰਮਾ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ, ਬੰਟੀ ਬਬਲੀ ਵਲੋਂ 2 ਲੋਕਾਂ ਨੂੰ ਕੈਨੇਡਾ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 24 ਲੱਖ 69 ਹਜ਼ਾਰ 670 ਰੁਪਏ ਠੱਗ ਲਏ ਸਨ।ਹਾਲ ਹੀ ਵਿਚ ਹੋਈ ਐੱਫ. ਆਈ. ਆਰ. ਵਿਚ ਆਸ਼ਾ ਭੱਟੀ ਪੁੱਤਰੀ ਦਾਰ ਮਸੀਹ ਨਿਵਾਸੀ ਬੁੱਲ੍ਹੋਵਾਲ (ਹੁਸ਼ਿਆਰਪੁਰ) ਨੇ ਦੱਸਿਆ ਕਿ 2019 ਵਿਚ ਉਹ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਮਾਲਕ ਵਿਨੀਤ ਬੇਰੀ ਅਤੇ ਉਸਦੀ ਪਤਨੀ ਮੋਨਾ ਸ਼ਰਮਾ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲੇ ਸਨ।
ਇਹ ਵੀ ਪੜ੍ਹੋ : ਹਾਈਕੋਰਟ ਨੇ ਫਿਰ ਲਗਾਈ ਆਟਾ-ਦਾਲ ਹੋਮ ਡਿਲੀਵਰੀ ਸਕੀਮ ‘ਤੇ ਰੋਕ
ਦੋਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਰਸਿੰਗ ਦੇ ਆਧਾਰ ’ਤੇ ਉਹ ਉਸਨੂੰ ਕੈਨੇਡਾ ਦਾ ਵਰਕ ਪਰਮਿਟ ਦਿਵਾ ਦੇਣਗੇ ਪਰ ਉਸਦੇ ਲਈ 11 ਲੱਖ ਰੁਪਏ ਦਾ ਖਰਚ ਆਵੇਗਾ। ਆਸ਼ਾ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਦਸਤਾਵੇਜ਼ਾਂ ਸਮੇਤ 11 ਲੱਖ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਸਤੰਬਰ 2020 ਨੂੰ ਉਕਤ ਲੋਕਾਂ ਨੇ ਫੋਨ ਕਰ ਕੇ ਉਸਨੂੰ ਦਫਤਰ ਵਿਚ ਬੁਲਾਇਆ ਅਤੇ ਕਿਹਾ ਕਿ ਉਸਦਾ ਵੀਜ਼ਾ ਆ ਗਿਆ ਹੈ। ਜਦੋਂ ਆਸ਼ਾ ਨੇ ਘਰ ਜਾ ਕੇ ਚੈੱਕ ਕੀਤਾ ਤਾਂ ਵੀਜ਼ਾ ਜਾਅਲੀ ਨਿਕਲਿਆ।
ਜਦੋਂ ਉਸਨੇ ਵਿਨੀਤ ਅਤੇ ਮੋਨਾ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਦੋਵੇਂ ਟਾਲ-ਮਟੋਲ ਕਰਨ ਲੱਗੇ ਪਰ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਸੁਣ ਕੇ ਉਨ੍ਹਾਂ 11 ਲੱਖ ਵਿਚੋਂ 2 ਲੱਖ 94 ਹਜ਼ਾਰ ਰੁਪਏ ਮੋੜ ਦਿੱਤੇ ਅਤੇ ਬਾਕੀ ਦੀ ਰਕਮ ਲਈ ਸਮਾਂ ਮੰਗਿਆ। ਆਸ਼ਾ ਨੇ ਕਿਹਾ ਕਿ ਜਦੋਂ ਉਨ੍ਹਾਂ (ਏਜੰਟ ਪਤੀ-ਪਤਨੀ) ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਤਾਂ ਉਹ ਦੁਬਾਰਾ ਉਨ੍ਹਾਂ ਦੇ ਦਫਤਰ ਵਿਚ ਗਈ, ਜਿਨ੍ਹਾਂ ਫਿਰ ਉਸ ਨੂੰ ਝਾਂਸੇ ਵਿਚ ਲੈ ਕੇ ਵਾਪਸ ਭੇਜ ਦਿੱਤਾ ਅਤੇ ਜਦੋਂ ਉਸਨੇ ਦੱਸੇ ਸਮੇਂ ’ਤੇ ਫੋਨ ਕੀਤਾ ਦੋਵਾਂ ਦਾ ਮੋਬਾਇਲ ਬੰਦ ਆ ਰਿਹਾ ਸੀ। ਜਦੋਂ ਉਹ ਦੁਬਾਰਾ ਉਨ੍ਹਾਂ ਦੇ ਦਫਤਰ ਗਈ ਤਾਂ ਪਤਾ ਲੱਗਾ ਕਿ ਦੋਵੇਂ ਏਜੰਟ ਪਤੀ-ਪਤਨੀ ਲੋਕਾਂ ਦੇ ਪੈਸੇ ਲੈ ਕੇ ਦਫਤਰ ਬੰਦ ਕਰ ਕੇ ਫ਼ਰਾਰ ਹੋ ਗਏ ਹਨ।
ਇਹ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ, ਜੇ ਨਾ ਹਟੇ ਤਾਂ ਤੁਸੀਂ ਆਪਣੀ ਮੌਤ ਦੇ ਆਪ ਜ਼ਿੰਮੇਵਾਰ ਹੋਵੋਗੇ