Elon Musk, Twitter: 44 ਬਿਲੀਅਨ ਡਾਲਰ ‘ਚ Twitter ਨੂੰ ਖਰੀਦਣ ਤੋਂ ਬਾਅਦ ਐਲਨ ਮਸਕ ਲਗਾਤਾਰ ਸੁਰਖਿਆਂ ‘ਚ ਹੈ। ਦੱਸ ਦਈਏ ਕਿ ਉਸ ਨੇ ਆਪਣੇ ਪਹਿਲੇ ਸੰਬੋਧਨ ‘ਚ ਟਵਿੱਟਰ ਕਰਮਚਾਰੀਆਂ ਨੂੰ ਝਟਕੇ ਦਿੱਤੇ ਹਨ। ਇਸ ਦੌਰਾਨ ਮਸਕ ਨੇ ਕਿਹਾ ਕਿ ਜੇਕਰ ਇਹ ਹੋਰ ਕਮਾਈ ਸ਼ੁਰੂ ਨਹੀਂ ਕਰਦਾ ਤਾਂ ਟਵਿੱਟਰ ਦੇ ਦੀਵਾਲੀਆ ਹੋਣ ਦੀ ਸੰਭਾਵਨਾ ਹੈ। ਸਥਿਤੀ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਦੋ ਹਫ਼ਤਿਆਂ ਦੀ ਮਿਆਦ ‘ਚ ਐਲੋਨ ਮਸਕ ਨੇ ਟਵਿੱਟਰ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਜ਼ਿਆਦਾਤਰ ਉੱਚ ਅਧਿਕਾਰੀਆਂ ਨੂੰ ਬਾਹਰ ਕੱਢਿਆ ਤੇ ਬਾਕੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਤੋਂ ਰੋਕਣ ਦੇ ਹੁਕਮ ਦਿੱਤੇ।
ਕਾਰਜਕਾਰੀ ਅਧਿਕਾਰੀ ਯੋਏਲ ਰੋਥ ਨੂੰ ਮਸਕ ਦੇ ਨਜ਼ਦੀਕੀ ਲੋਕਾਂ ਵਿੱਚ ਮੰਨਿਆ ਜਾਂਦਾ ਸੀ, ਪਰ ਉਸਨੂੰ ਵੀ ਕੰਪਨੀ ਛੱਡਣੀ ਪਈ। ਰੌਬਿਨ ਵ੍ਹੀਲਰ ਨੇ ਵੀ ਅਸਤੀਫਾ ਦੇ ਦਿੱਤਾ ਹੈ, ਪਰ ਮਸਕ ਨੇ ਉਸ ਨੂੰ ਕੰਪਨੀ ‘ਚ ਰਹਿਣ ਲਈ ਮਨਾ ਲਿਆ।
ਮਸਕ ਨੇ ਕੰਪਨੀ ਨੂੰ ਲਗਪਗ 13 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ, ਜੋ ਹੁਣ ਸੱਤ ਵਾਲ ਸਟਰੀਟ ਬੈਂਕਾਂ ਦੇ ਹੱਥਾਂ ਵਿੱਚ ਹੈ। ਕੰਪਨੀ ਵਿੱਚ ਭਰੋਸਾ ਇੰਨਾ ਘੱਟ ਗਿਆ ਹੈ ਕਿ ਬਲੂਮਬਰਗ ਨਿਊਜ਼ ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਕਿ ਮਸਕ ਦੀ ਦੀਵਾਲੀਆਪਨ ਦੀਆਂ ਟਿੱਪਣੀਆਂ ਤੋਂ ਪਹਿਲਾਂ ਕੁਝ ਫੰਡ ਡਾਲਰ ‘ਤੇ 60 ਸੈਂਟ ਦੇ ਰੂਪ ਵਿੱਚ ਕਰਜ਼ਾ ਦੇਣ ਦਾ ਆਫਰ ਕਰ ਰਹੇ ਸੀ।
ਆਮ ਤੌਰ ‘ਤੇ ਇਹ ਆਫ਼ਰ ਉਨ੍ਹਾਂ ਕੰਪਨੀਆਂ ਲਈ ਕੀਤੀ ਜਾਂਦੀ ਹੈ ਜੋ ਵਿੱਤੀ ਸੰਕਟ ਵਿੱਚ ਹਨ। ਮਸਕ ਨੇ ਆਪਣੇ ਸੰਬੋਧਨ ਵਿੱਚ ਕਈ ਹੋਰ ਚੇਤਾਵਨੀਆਂ ਜਾਰੀ ਕੀਤੀਆਂ। ਇਸ ਵਿੱਚ ਕਰਮਚਾਰੀਆਂ ਨੂੰ ਹਫ਼ਤੇ ਵਿੱਚ 80 ਘੰਟੇ ਕੰਮ ਕਰਨਾ, ਮੁਫਤ ਦੁਪਹਿਰ ਦਾ ਖਾਣਾ ਅਤੇ ਹੋਰ ਦਫਤਰੀ ਭੱਤੇ ਘਟਾਉਣਾ ਤੇ ਘਰ ਤੋਂ ਕੰਮ ਖ਼ਤਮ ਕਰਨਾ ਸ਼ਾਮਲ ਹੈ।