ਜੰਮੂ-ਕਸ਼ਮੀਰ ਦੇ ਡੋਡਾ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਫੌਜ ਦਾ ਇਕ ਕੈਪਟਨ ਸ਼ਹੀਦ ਹੋ ਗਿਆ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਮੁਕਾਬਲੇ ਵਿਚ 4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖਬਰ ਹੈ।
ਫੌਜ ਨੇ ਦੱਸਿਆ ਕਿ ਸ਼ਹੀਦ ਕੈਪਟਨ ਦੀਪਕ 48 ਰਾਸ਼ਟਰੀ ਰਾਈਫਲਜ਼ ਦਾ ਸੀ। ਉਹ ਡੋਡਾ ਦੇ ਅਸਾਰ ਜੰਗਲੀ ਖੇਤਰ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਟੀਮ ਦੀ ਅਗਵਾਈ ਕਰ ਰਿਹਾ ਸੀ। ਬੁੱਧਵਾਰ ਸਵੇਰੇ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਫੌਜ ਦੇ ਮੁਤਾਬਕ ਅਸਾਰ ਜੰਗਲੀ ਖੇਤਰ ‘ਚ ਅਜੇ ਵੀ ਮੁਕਾਬਲਾ ਜਾਰੀ ਹੈ। ਅੱਤਵਾਦੀ ਜੰਗਲ ਵਿੱਚ ਇੱਕ ਨਦੀ ਦੇ ਕੋਲ ਲੁਕੇ ਹੋਏ ਹਨ ਅਤੇ ਗੋਲੀਬਾਰੀ ਕਰ ਰਹੇ ਹਨ। ਸਵੇਰੇ ਹੋਏ ਮੁਕਾਬਲੇ ਦੌਰਾਨ ਉਹ ਫਰਾਰ ਹੋ ਗਏ ਸਨ, ਉਥੋਂ ਤਿੰਨ ਬੈਗ ‘ਚ ਐਮ-4 ਰਾਈਫਲ ਅਤੇ ਕੁਝ ਵਿਸਫੋਟਕ ਵੀ ਮਿਲੇ ਹਨ।
ਦੂਜੇ ਪਾਸੇ ਰੱਖਿਆ ਮੰਤਰੀ ਨੇ ਜੰਮੂ-ਕਸ਼ਮੀਰ ‘ਚ ਵਧਦੀਆਂ ਅੱਤਵਾਦੀ ਘਟਨਾਵਾਂ ‘ਤੇ ਦਿੱਲੀ ਦੇ ਸਾਊਥ ਬਲਾਕ ‘ਚ ਹੰਗਾਮੀ ਮੀਟਿੰਗ ਬੁਲਾਈ ਹੈ। ਐਨਐਸਏ ਅਜੀਤ ਡੋਭਾਲ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਨੇ ਇਸ ਵਿੱਚ ਹਿੱਸਾ ਲਿਆ। ਮੀਟਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲ ਹਾਈ ਅਲਰਟ ‘ਤੇ ਹਨ
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਜੰਮੂ ਵਿੱਚ ਫੌਜ ਦੇ 3000 ਤੋਂ ਵੱਧ ਅਤੇ ਬੀਐਸਐਫ ਦੇ 2000 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਤਵਾਦ ਨਾਲ ਨਜਿੱਠਣ ਲਈ ਆਸਾਮ ਰਾਈਫਲਜ਼ ਦੇ ਕਰੀਬ 1500-2000 ਜਵਾਨ ਵੀ ਤਾਇਨਾਤ ਕੀਤੇ ਜਾ ਰਹੇ ਹਨ।
ਕਠੂਆ ‘ਚ 8 ਗਰਾਊਂਡ ਵਰਕਰ ਗ੍ਰਿਫਤਾਰ, ਅੱਤਵਾਦੀਆਂ ਦੀ ਮਦਦ ਕਰ ਰਹੇ ਸਨ
ਕਠੂਆ ‘ਚ ਪੁਲਸ ਨੇ ਸੋਮਵਾਰ (12 ਅਗਸਤ) ਨੂੰ 8 ਓਵਰ ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜੈਸ਼ ਅੱਤਵਾਦੀ ਮਾਡਿਊਲ ਦੇ ਇਨ੍ਹਾਂ ਵਰਕਰਾਂ ਨੇ 26 ਜੂਨ ਨੂੰ ਡੋਡਾ ‘ਚ ਮਾਰੇ ਗਏ ਜੈਸ਼ ਦੇ 3 ਅੱਤਵਾਦੀਆਂ ਦੀ ਮਦਦ ਕੀਤੀ ਸੀ।
ਇਨ੍ਹਾਂ ਓਵਰ ਗਰਾਊਂਡ ਵਰਕਰਾਂ ਨੇ ਸਰਹੱਦ ਪਾਰ ਕਰਕੇ ਡੋਡਾ ਦੇ ਜੰਗਲਾਂ ਅਤੇ ਪਹਾੜੀਆਂ ਤੱਕ ਪਹੁੰਚਣ ਵਿੱਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਣ-ਪੀਣ ਅਤੇ ਰਹਿਣ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਗਈ।
ਅੱਤਵਾਦੀ ਮਾਡਿਊਲ ਦੇ ਇਹ ਵਰਕਰ ਪਾਕਿਸਤਾਨ ‘ਚ ਬੈਠੇ ਜੈਸ਼ ਦੇ ਹੈਂਡਲਰਾਂ ਦੇ ਸੰਪਰਕ ‘ਚ ਵੀ ਸਨ। 26 ਜੂਨ ਦੇ ਐਨਕਾਊਂਟਰ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਪੁਲਿਸ ਨੂੰ ਇਨ੍ਹਾਂ ਵਰਕਰਾਂ ਦੇ ਗੰਡੋਹ ਵਿੱਚ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ।
ਪੁਲਸ ਨੇ ਦੱਸਿਆ ਕਿ ਇਨਪੁਟ ਮਿਲਣ ਤੋਂ ਬਾਅਦ ਗੰਡੋਹ ‘ਚ 50 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਸਬੂਤ ਮਿਲਣ ਤੋਂ ਬਾਅਦ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਕਬੂਲ ਕੀਤੀ।