ਅਸਾਮ ਵਿਧਾਨ ਸਭਾ ਚੋਣਾਂ ਵਿੱਚ ਈਵੀਐਮ ਮਸ਼ੀਨਾਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਚੋਣ ਕਮਿਸ਼ਨ ਨੇ ਇਥੋਂ ਦੀ ਰਾਤਾਬਾਰੀ ਸੀਟ ਦੇ ਇਕ ਪੋਲਿੰਗ ਸਟੇਸ਼ਨ ‘ਤੇ ਦੁਬਾਰਾ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇੱਥੇ ਪੋਲਿੰਗ ਟੀਮ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਕਾਰ ਤੋਂ ਈਵੀਐਮ ਲੈ ਕੇ ਸਟਰਾਂਗ ਰੂਮ ਵਿਚ ਪਹੁੰਚੀ ਸੀ। ਜਿਸ ਤੋਂ ਬਾਅਦ ਕਰੀਮਗੰਜ ਵਿਚ ਹਿੰਸਾ ਭੜਕ ਗਈ। ਰਾਤਾਬਾਰੀ ਸੀਟ ਇਸੇ ਜ਼ਿਲ੍ਹੇ ਵਿੱਚ ਪੈਂਦੀ ਹੈ। ਪੋਲਿੰਗ ਟੀਮ ਦੇ ਮੈਂਬਰਾਂ ਨੂੰ ਚੋਣ ਕਮਿਸ਼ਨ ਨੇ ਬਰਖਾਸਤ ਕਰ ਦਿੱਤਾ ਹੈ।
ਜਿਸ ਕਾਰ ਵਿਚ ਪੋਲਿੰਗ ਟੀਮ ਦੇ ਮੈਂਬਰ ਈਵੀਐਮ ਲੈ ਕੇ ਪਹੁੰਚੇ ਸਨ, ਉਹ ਪੱਥਰਕੰਡੀ ਦੇ ਭਾਜਪਾ ਉਮੀਦਵਾਰ ਕ੍ਰਿਸ਼ਨੇਂਦੁ ਪਾਲ ਦੀ ਕਾਰ ਸੀ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਭਾਜਪਾ ’ਤੇ ਇਸ ਘਟਨਾ ਦੇ ਸੰਬੰਧ ਵਿੱਚ ਘੁਟਾਲੇ ਕਰਨ ਦਾ ਦੋਸ਼ ਲਾਇਆ ਹੈ।
ਅਸਾਮ ‘ਚ ਵੀਰਵਾਰ ਨੂੰ ਦੂਜੇ ਗੇੜ ਤਹਿਤ ਚੋਣਾਂ ਹੋਈਆਂ ਸਨ। ਸੂਤਰਾਂ ਮੁਤਾਬਕ ਵੋਟਾਂ ਪੈਣ ਤੋਂ ਬਾਅਦ ਟੀਮ ਪੋਲਿੰਗ ਸਟੇਸ਼ਨ ਤੋਂ EVM ਨੂੰ ਸਟਰਾਂਗ ਰੂਮ ਲੈ ਕੇ ਜਾ ਰਹੀ ਸੀ ਤਾਂ ਰਾਹ ਵਿਚ ਗੱਡੀ ਖਰਾਬ ਹੋ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਾਰ ਬਦਲਣ ਲਈ ਸੈਕਟਰ ਅਫਸਰ ਨੂੰ ਫੋਨ ਵੀ ਕੀਤਾ ਪਰ ਕਾਰ ਦਾ ਇੰਤਜ਼ਾਰ ਕਰਨ ਦੀ ਬਜਾਏ ਉਨ੍ਹਾਂ ਨੇ ਕਿਸੇ ਕੋਲੋਂ ਲਿਫਟ ਲੈ ਕੇ ਸਟਰਾਂਗ ਰੂਮ ਪਹੁੰਚ ਕੀਤੀ।
ਜਦੋਂ ਇਹ ਕਾਰ ਸਟਰਾਂਗ ਰੂਮ ਵਾਲੇ ਖੇਤਰ ਵਿੱਚ ਪਹੁੰਚੀ ਤਾਂ ਵਿਰੋਧੀ ਧਿਰ ਦੇ ਸਮਰਥਕਾਂ ਨੇ ਕਾਰ ਨੂੰ ਪਛਾਣ ਲਿਆ ਅਤੇ ਹਮਲਾ ਕਰ ਦਿੱਤਾ। ਡਰਾਈਵਰ ਦੇ ਨਾਲ ਪੋਲਿੰਗ ਸਟਾਫ ਵੀ ਆਪਣੀ ਜਾਨ ਬਚਾਉਣ ਲਈ ਦੌੜ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਥੋਂ ਦੀ ਪੁਲਿਸ ਦੀ ਸਹਾਇਤਾ ਨਾਲ ਭੀੜ ਨੂੰ ਕਾਬੂ ਕਰਨ ਅਤੇ ਵਾਹਨ, ਈਵੀਐਮ ਅਤੇ ਪੋਲਿੰਗ ਸਟਾਫ ਨੂੰ ਇਸਦੀ ਸੁਰੱਖਿਆ ਹੇਠ ਲਿਜਾਣ ਦੀ ਲੋੜ ਪਈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਪੋਲਿੰਗ ਅਮਲੇ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨ 149 ‘ਚ ਮੁੜ ਚੋਣ ਐਲਾਨ ਕੀਤਾ ਗਿਆ ਹੈ।