ਸ੍ਰੀ ਹੇਮਕੁੰਟ ਸਾਹਿਬ ਲਈ ਟਰਾਂਸਪੋਰਟ ਵਿਭਾਗ ਵਿਸ਼ੇਸ਼ ਤੌਰ ‘ਤੇ 3 ਬੱਸਾਂ ਦਾ ਪ੍ਰਬੰਧ ਕਰਨ ਜਾ ਰਿਹਾ ਹੈ।ਫਿਲਹਾਲ ਸ੍ਰੀ ਬਦਰੀਨਾਥ ਧਾਮ, ਸ੍ਰੀ ਕੇਦਾਰਨਾਥ ਧਾਮ, ਗੰਗੋਤਰੀ, ਯਮੁਨੋਤਰੀ ਤੇ ਸ੍ਰੀ ਹੇਮਕੁੰਟ ਸਾਹਿਬ ਧਾਮ ਲਈ 125 ਗੱਡੀਆਂ ਦੇ ਸੰਚਾਲਨ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਜਾਣਕਾਰੀ ਟਰਾਂਸਪੋਰਟ ਨਿਗਮ ਦੇ ਡਿਵੀਜ਼ਨਲ ਮੈਨੇਜਰ ਸੰਜੇ ਗੁਪਤਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਹਰਿਦੁਆਰ, ਰਿਸ਼ੀਕੇਸ਼ ਅਤੇ ਦੇਹਰਾਦੂਨ ਦੇ ਅਸਿਸਟੈਂਟ ਜਨਰਲ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਚਾਰਧਾਮ ਯਾਤਰਾ ਦੌਰਾਨ ਇਸ ਵਾਰ ਬਹੁਤ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ।ਅਜਿਹੇ ‘ਚ ਵਾਹਨਾਂ ਦੇ ਪੁਖਤਾ ਪ੍ਰਬੰਧ ਹੁਣ ਤੋਂ ਹੀ ਕੀਤੇ ਜਾਣ ਤਾਂ ਜੋ ਯਾਤਰਾ ਸ਼ੁਰੂ ਹੋਣ ‘ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।
ਦੱਸ ਦੇਈਏ ਕਿ ਸਿੱਖ ਭਾਈਚਾਰੇ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਾਹ ‘ਤੇ ਜਮ੍ਹਾਂ ਹੋਈ ਬਰਫ਼ ਨੂੰ ਹਟਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।ਜੇਕਰ ਤੁਸੀਂ ਇਸ ਸਾਲ ਹੇਮਕੁੰਟ ਸਾਹਿਬ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੀ ਯਾਤਰਾ ਲਈ ਤਿਆਰ ਹੋ ਜਾਓ।ਹੇਮਕੁੰਟ ਸਾਹਿਬ 25 ਮਈ 2024 ਨੂੰ ਸ਼ਰਧਾਲੂਆਂ ਲਈ ਖੋਲਿ੍ਹਆ ਜਾਵੇਗਾ।ਇੱਥੇ ਪਹੁੰਚਣ ਲਈ ਲੰਬੀ ਟ੍ਰੈਕਿੰਗ ਕਰਨੀ ਪੈਂਦੀ ਹੈ, ਜਾਣੋ ਕਿ ਤੁਸੀਂ ਇੱਥੇ ਕਿਵੇਂ ਪਹੁੰਚ ਸਕਦੇ ਹੋ।
25 ਮਈ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਵੇਗੀ।ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਖਰਾਬ ਮੌਸਮ ਦੌਰਾਨ ਫੌਜ ਦੇ ਜਵਾਨ ਘਾਂਗੜੀਆਂ ਅਤੇ ਲੋਕਪਾਲ ਸਾਹਿਬ ਨੂੰ ਜਾਂਦੀ ਸੜਕ ਤੋਂ ਬਰਫ਼ ਹਟਾਉਣ ‘ਚ ਲੱਗੇ ਹੋਏ ਹਨ।ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ 22 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਰਵਾਨਾ ਹੋਵੇਗਾ।ਉਨ੍ਹਾਂ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਯਾਤਰਾ ਦੇ ਰਸਤਿਆਂ ‘ਤੇ ਫੁੱਟਪਾਥ ਨੂੰ ਚੌੜਾ ਕਰਨ ਅਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਚੱਲਣਗੀਆਂ ਵਿਸ਼ੇਸ਼ ਬੱਸਾਂ