‘ਸਰਕਾਰ-ਵਪਾਰ ਮਿਲਣੀਆਂ’ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ: ਮੁੱਖ ਮੰਤਰੀ
ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਸੂਬਾ ਸਰਕਾਰ ਵਚਨਬੱਧ
ਹੁਸ਼ਿਆਰਪੁਰ ਵਿੱਚ ਕਰਵਾਈ ‘ਸਰਕਾਰ-ਵਪਾਰ ਮਿਲਣੀ’
ਚੁੱਪ ਰਹਿਣ ਵਾਲਿਆਂ ਦੀ ਥਾਂ ਪੰਜਾਬ ਦੀ ਗੱਲ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚੁਣੋ; ਮੁੱਖ ਮੰਤਰੀ ਦੀ ਲੋਕਾਂ ਨੂੰ ਅਪੀਲ
ਸਾਰੀਆਂ 13 ਲੋਕ ਸਭਾ ਸੀਟਾਂ ਜਿਤਾ ਕੇ ‘ਆਪ’ ਦੇ ਹੱਥ ਮਜ਼ਬੂਤ ਕਰਨ ਲਈ ਕਿਹਾ
ਜਮਹੂਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਤੋੜ ਕੇ ਲੋਕਤੰਤਰ ਦਾ ਮਜ਼ਾਕ ਉਡਾਉਣ ਲਈ ਭਾਜਪਾ ਦੀ ਕੀਤੀ ਆਲੋਚਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ‘ਸਰਕਾਰ-ਵਪਾਰ ਮਿਲਣੀਆਂ’ ਵਿੱਚ ਕਾਰੋਬਾਰੀਆਂ ਤੇ ਉਦਯੋਗਪਤੀਆਂ ਦੀ ਸਰਗਰਮ ਭਾਈਵਾਲੀ ਨਾਲ ਇਹ ਮਿਲਣੀਆਂ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ।
ਇੱਥੇ ਸਰਕਾਰ-ਵਪਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਇਸ ਸਰਕਾਰ-ਵਪਾਰ ਮਿਲਣੀ ਦਾ ਮੰਤਵ ਲੋਕਾਂ ਦੀ ਭਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਕਦੇ ਪਰਵਾਹ ਨਹੀਂ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਖ਼ੁਦ ਨੂੰ ਆਲੀਸ਼ਾਨ ਮਹਿਲਾਂ ਦੀਆਂ ਕੰਧਾਂ ਵਿੱਚ ਕੈਦ ਕਰ ਲਿਆ ਅਤੇ ਆਮ ਆਦਮੀ ਨੂੰ ਆਪਣੇ ਰਹਿਮੋ-ਕਰਮ ਉਤੇ ਛੱਡ ਦਿੱਤਾ।
ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਹਿੱਤਾਂ ਨਾਲ ਹੋ ਰਹੇ ਧੋਖੇ ਖ਼ਿਲਾਫ਼ ਬੋਲਣ ਤੇ ਕੰਮ ਕਰਨ ਵਾਲੇ ਸੰਸਦ ਮੈਂਬਰ ਚੁਣਨ, ਨਾ ਕਿ ਚੁੱਪ ਰਹਿਣ ਵਾਲਿਆਂ ਦੀ ਚੋਣ ਕਰਨ।
ਮੁੱਖ ਮੰਤਰੀ ਨੇ ਲੋਕਾਂ ਨੂੰ ਆਖਿਆ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਇਹ ਸੋਚਣ ਕਿ ਜਦੋਂ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਸੰਸਦ ਮੈਂਬਰ ਕਿੱਥੇ ਸਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਸੋਚਣ ਕਿ ਜਦੋਂ ਪੰਜਾਬ ਦੀ ਸਨਅਤ ਤਬਾਹ ਕੀਤੀ ਗਈ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੂਬੇ ਦੇ ਕਿਸਾਨ ਸੰਘਰਸ਼ ਕਰ ਰਹੇ ਸਨ ਤਾਂ ਸੰਸਦ ਮੈਂਬਰ ਕਿਉਂ ਚੁੱਪ ਰਹੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਲਈ ਅਹਿਮ ਸਮੇਂ ਉਤੇ ਇਹ ਆਗੂ ਚੁੱਪ ਰਹੇ, ਜਿਸ ਕਾਰਨ ਉਹ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ ਨਹੀਂ ਹਨ ਅਤੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤਾਂ ਕਿ ਸਮਰਪਿਤ ਤੇ ਵਚਨਬੱਧ ਲੋਕ ਹੀ ਸੰਸਦ ਲਈ ਚੁਣੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖ਼ਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਸਾਰੀਆਂ 13 ਲੋਕ ਸਭਾ ਸੀਟਾਂ ਉਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ ਤਾਂ ਕਿ ਉਹ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਜਾਰੀ ਰੱਖਣ ਲਈ ਸਾਰੀਆਂ 13 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਪਣੀ ਚੋਣ ਤੋਂ ਬਾਅਦ ਇਹ 13 ਸੰਸਦ ਮੈਂਬਰ ਸੂਬੇ ਦੇ ਵਿਕਾਸ ਨੂੰ ਰਫ਼ਤਾਰ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ ਅਗਵਾਈ ਹੇਠ ‘ਆਪ’ ਕੌਮੀ ਪਾਰਟੀ ਬਣ ਗਈ।ਇਹ ਸਿਰਫ਼ ਕੰਮ ਦੀ ਸਿਆਸਤ ਵਿੱਚ ਸਾਡੇ ਵਿਸ਼ਵਾਸ ਕਾਰਨ ਹੀ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨਫ਼ਰਤ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ, ਜਿਸ ਕਾਰਨ ਲੋਕ ਵੱਡੀ ਪੱਧਰ ਉਤੇ ਸਾਡੀ ਹਮਾਇਤ ਕਰ ਰਹੇ ਹਨ ਅਤੇ ਸਾਡੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਦੀ ਗਿਣਤੀ ਵਧ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਦਾ ਕਾਫ਼ਲਾ ਹੋਰ ਵਧੇਗਾ ਕਿਉਂਕਿ ਸਮਾਜ ਦਾ ਹਰੇਕ ਵਰਗ ਆਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਮਾਇਤ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸੰਵਿਧਾਨਕ ਕਦਰਾਂ-ਕੀਮਤਾਂ ਤੇ ਲੋਕਾਂ ਦੇ ਫਤਵੇ ਦੀ ਉਲੰਘਣਾ ਕਰ ਕੇ ਭਾਜਪਾ ਨੇ ਜਮਹੂਰੀਅਤ ਦਾ ਮਜ਼ਾਕ ਉਡਾਇਆ ਹੈ।ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਲੋਕਾਂ ਦਾ ਫਤਵਾ ਭਾਜਪਾ ਦੇ ਵਿਰੁੱਧ ਗਿਆ, ਉੱਥੇ ਚੁਣੇ ਹੋਏ ਨੁਮਾਇੰਦਿਆਂ ਨੂੰ ਖ਼ਰੀਦ ਕੇ ਸਰਕਾਰਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਕਿਉਂਕਿ ਇਹ ਲੋਕਾਂ ਦੇ ਇਕ-ਇਕ ਵੋਟ ਦੀ ਨਿਰਾਦਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਦੋ ਵਿਅਕਤੀਆਂ ਦੀ ਸੱਤਾ ਰਹੀ ਹੈ ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਆਮ ਆਦਮੀ ਦੇ ਭਲੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਆਮ ਲੋਕਾਂ ਦਾ ਖੂਨ ਚੂਸ ਕੇ ਮਹਿਲ-ਮੁਨਾਰੇ ਅਤੇ ਹੋਟਲ ਬਣਾ ਲਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਆਪਣੇ ਨਿੱਜੀ ਫਾਇਦਿਆਂ ਦਾ ਹੀ ਫਿਕਰ ਰਹਿੰਦਾ ਸੀ ਜਿਸ ਕਰਕੇ ਇਨ੍ਹਾਂ ਨੇ ਪੈਸਾ ਕਮਾਉਣ ਲਈ ਸੂਬੇ ਦੇ ਹਰੇਕ ਕਾਰੋਬਾਰ ਉਤੇ ਕਬਜ਼ਾ ਕਰ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁਖੀ ਵਜੋਂ ਉਹ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਪੁਲ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁਖੀ ਵਜੋਂ ਉਨ੍ਹਾਂ ਦਾ ਇਹ ਬੁਨਿਆਦੀ ਫਰਜ਼ ਹੈ ਅਤੇ ਇਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 829 ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਆਉਣ ਵਾਲੇ 95 ਫੀਸਦੀ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਇਹ ਕਲੀਨਿਕ ਸ਼ੁਰੂ ਹੋਏ ਹਨ, ਹੁਣ ਤੱਕ ਇਕ ਕਰੋੜ ਤੋਂ ਵੱਧ ਮਰੀਜ਼ ਇਲਾਜ ਲਈ ਆ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਪੰਜਾਬ ਦੇ ਸਿਹਤ ਸੰਭਾਲ ਖੇਤਰ ਦੀ ਕਾਇਆਕਲਪ ਕਰਨ ਲਈ ਮੀਲ ਪੱਥਰ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਲੀਨਿਕਾਂ ਵਿੱਚ 80 ਕਿਸਮਾਂ ਦੀਆਂ ਦਵਾਈਆਂ ਅਤੇ 40 ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਲੀਨਿਕ ਸੂਬੇ ਵਿੱਚ ਕਿਸੇ ਬਿਮਾਰੀ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਬਾਰੇ ਡਾਟਾਬੇਸ ਵੀ ਤਿਆਰ ਕਰਨ ਵਿੱਚ ਵੀ ਸਹਾਈ ਸਿੱਧ ਹੋ ਰਹੇ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਦੀ ਰੋਕਥਾਮ ਅਤੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਲਈ ਸੂਬਾ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਫੋਰਸ ਸੂਬੇ ਵਿੱਚ ਹਰ ਰੋਜ਼ ਵਾਪਰਦੇ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਫੋਰਸ ਨੂੰ ਅੰਨ੍ਹੇਵਾਹ ਡਰਾਈਵਿੰਗ ਕਰਨ ਵਾਲਿਆਂ ਨੂੰ ਰੋਕਣ, ਵਾਹਨਾਂ ਦੀ ਸੁਚੱਜੀ ਆਵਾਜਾਈ ਅਤੇ ਸੜਕ ਹਾਦਸੇ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਢਲੇ ਤੌਰ ਉਤੇ 129 ਵਾਹਨਾਂ ਨੂੰ ਅਤਿ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ ਅਤੇ ਹਰੇਕ 30 ਕਿਲੋਮੀਟਰ ਦੇ ਵਕਫੇ ਨਾਲ ਇਹ ਵਾਹਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਹਨਾਂ ਵਿੱਚ ਮੈਡੀਕਲ ਕਿੱਟ ਵੀ ਰੱਖੀ ਹੁੰਦੀ ਹੈ ਤਾਂ ਕਿ ਲੋੜ ਪੈਣ ਉਤੇ ਕਿਸੇ ਵੀ ਵਿਅਕਤੀ ਨੂੰ ਮੁਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਖੜ੍ਹੀਆਂ ਕੀਤੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਤਬਕੇ ਨਾਲ ਮੀਟਿੰਗਾਂ ਕਰ ਰਹੀ ਹੈ ਤਾਂ ਕਿ ਹਰੇਕ ਪੰਜਾਬੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਿਜਲੀ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਆਉਂਦੇ ਸਮੇਂ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਵੀ ਸਸਤੀ ਬਿਜਲੀ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਉਦਯੋਗਿਕ ਤਰੱਕੀ ਰਾਹੀਂ ਸੂਬੇ ਦੀ ਆਰਥਿਕ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ।