ਸੂਬੇ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਉੱਪਰ ਸਖਤੀ ਨਾਲ ਠੱਲ ਪਾਉਣ ਦੇ ਭਾਵੇਂ ਲੱਖਾਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਰੋਜਾਨਾ ਕਿਤੇ ਨਾ ਕਿਤੇ ਆਮ ਜਨਤਾ ਇਸ ਚਾਈਨਾ ਡੋਰ ਦੇ ਕਹਿਰ ਦੀ ਸ਼ਿਕਾਰ ਬਣ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਰਕਾਰੀ ਅਧਿਆਪਕ ਸਕੂਲ ਦੇ ਉਸਾਰੀ ਵਾਲੇ ਕੰਮਾਂਕਾਰਾਂ ਲਈ ਮਮਦੋਟ ਵਿੱਚ ਜਾ ਰਿਹਾ ਸੀ ਕਿ ਰਸਤੇ ‘ਚ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਹਿਮਦ ਢੰਡੀ ਦੇ ਸਰਕਾਰੀ ਹੈਡਮਾਸਟਰ ਜਗਦੀਸ਼ ਲਾਲ ਨੇ ਦੱਸਿਆ ਕਿ ਉਹ ਸਕੂਲ ਦੇ ਉਸਾਰੀ ਵਾਲੇ ਕੰਮਾਂ ਲਈ ਮੋਟਰਸਾਈਕਲ ਤੇ ਸਵਾਰ ਹੋਕੇ ਮਮਦੋਟ ਵਿਖੇ ਜਾ ਰਿਹਾ ਸੀ ਕਿ ਪਿੰਡ ਜਾਮਾ ਰਖੱਈਆ ਨੇੜੇ ਇਕਦਮ ਉਸ ਦੇ ਗਲੇ ਵਿੱਚ ਕੋਈ ਚੀਜ਼ ਵੱਜੀ ਜਿਸ ਨਾਲ ਉਹ ਖੂਨ ਨਾਲ ਇਕਦਮ ਲੱਥ ਪੱਥ ਹੋ ਗਿਆ। ਕੋਲ ਖੜੇ ਲੋਕਾਂ ਨੇ ਉਸ ਦੇ ਗਲੇ ਵਿੱਚੋਂ ਚਾਈਨਾ ਡੋਰ ਕੱਢੀ ਅਤੇ ਤੁਰੰਤ ਸਿਵਲ ਹਸਪਤਾਲ ਮਮਦੋਟ ਵਿਖੇ ਲਿਜਾਇਆ ਗਿਆ।
ਪੀੜਤ ਅਧਿਆਪਕ ਦੀ ਭੈਣ ਪਰਮਜੀਤ ਕੌਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੀਆਂ ਕੀਮਤੀ ਜਾਨਾਂ ਦੇ ਲਈ ਇਹ ਖਤਰਾ ਨਾ ਬਣ ਸਕੇ।
ਉਧਰ ਮਮਦੋਟ ਸਿਵਲ ਹਸਪਤਾਲ ਵਿਖੇ ਤੈਨਾਤ ਬਲਾਕ ਐਕਸਟੈਂਸ਼ਨ ਐਜੂਕੇਸ਼ਨ BEE ਅਮਨ ਕੰਬੋਜ ਨੇ ਕਿਹਾ ਹੈ ਕਿ ਜਖਮੀ ਵਿਅਕਤੀ ਦੇ ਗਲੇ ਉੱਪਰ ਤਿੰਨ ਟਾਂਕੇ ਲੱਗੇ ਹਨ ਅਤੇ ਉਸ ਦੀ ਸਥਿਤੀ ਹੁਣ ਇਸ ਵੇਲੇ ਸਥਿਰ ਹੈ।