ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸ਼ੁੱਕਰਵਾਰ ਨੂੰ ਚੈਂਪੀਅਨਜ਼ ਟਰਾਫੀ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਵਿਸ਼ਵ ਕ੍ਰਿਕਟ ਸੰਸਥਾ ਨੇ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਪਿਛਲੀ ਵਾਰ ਦੇ ਮੁਕਾਬਲੇ 53 ਪ੍ਰਤੀਸ਼ਤ ਵਧਾ ਦਿੱਤੀ ਹੈ। 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੀ ਜੇਤੂ ਟੀਮ ਨੂੰ 2.4 ਮਿਲੀਅਨ ਅਮਰੀਕੀ ਡਾਲਰ ਯਾਨੀ ਕਿ ਲਗਭਗ 19.5 ਕਰੋੜ ਰੁਪਏ ਮਿਲਣਗੇ।
ਇਹ ICC ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤ ਨੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਆਈਸੀਸੀ ਨੇ ਭਾਰਤ ਦੇ ਮੈਚ ਦੁਬਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ। ਭਾਰਤ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਕਰੇਗਾ। ਭਾਰਤ ਟੂਰਨਾਮੈਂਟ ਲਈ ਗਰੁੱਪ ਏ ਵਿੱਚ ਹੈ ਜਿਸ ਵਿੱਚ ਮੌਜੂਦਾ ਚੈਂਪੀਅਨ ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵੀ ਸ਼ਾਮਲ ਹਨ।
ਜੇਤੂਆਂ ਤੋਂ ਇਲਾਵਾ, ਉਪ ਜੇਤੂ ਟੀਮ ਨੂੰ 1.12 ਮਿਲੀਅਨ ਡਾਲਰ (ਲਗਭਗ 9.72 ਕਰੋੜ ਰੁਪਏ) ਮਿਲਣਗੇ, ਜਦੋਂ ਕਿ ਸੈਮੀਫਾਈਨਲ ਵਿੱਚ ਬਾਹਰ ਹੋਈਆਂ ਦੋਵੇਂ ਟੀਮਾਂ ਨੂੰ 56000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਵਧ ਕੇ 6.9 ਮਿਲੀਅਨ ਡਾਲਰ (ਲਗਭਗ 60 ਕਰੋੜ ਰੁਪਏ) ਹੋ ਗਈ ਹੈ। ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਵੱਡੀ ਇਨਾਮੀ ਰਾਸ਼ੀ ਖੇਡ ਵਿੱਚ ਨਿਵੇਸ਼ ਕਰਨ ਅਤੇ ਸਾਡੇ ਸਮਾਗਮਾਂ ਦੀ ਵਿਸ਼ਵਵਿਆਪੀ ਸਾਖ ਨੂੰ ਬਣਾਈ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”
ਗਰੁੱਪ ਪੜਾਅ ਜਿੱਤਣ ਵਾਲੀ ਕਿਸੇ ਵੀ ਟੀਮ ਨੂੰ $34,000 (30 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ। ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $350,000 (ਲਗਭਗ 3 ਕਰੋੜ ਰੁਪਏ) ਮਿਲਣਗੇ, ਜਦੋਂ ਕਿ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $140,000 (ਲਗਭਗ 1.2 ਕਰੋੜ ਰੁਪਏ) ਮਿਲਣਗੇ। ਇਸ ਤੋਂ ਇਲਾਵਾ, ਇਸ ICC ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਰੀਆਂ ਅੱਠ ਟੀਮਾਂ ਨੂੰ 125000 ਡਾਲਰ (ਲਗਭਗ 1.08 ਰੁਪਏ) ਕਰੋੜ ਦੀ ਰਕਮ ਦਿੱਤੀ ਜਾਵੇਗੀ।