ਜੇਕਰ ਤੁਸੀਂ ਵੀ ਜਿੰਮ ਵਿੱਚ ਫੂਡ ਸਪਲੀਮੈਂਟ ਖਾ ਕੇ ਆਪਣਾ ਸਰੀਰ ਬਣਾਉਣ ਦੇ ਸ਼ੌਕੀਨ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ ਹੁਣ ਬੇਹੱਦ ਸਾਵਧਾਨ ਹੋਣ ਦੀ ਜ਼ੁਰੂਰਤ ਹੈ। ਕਿਉਂਕਿ ਇੱਕ ਵਿਅਕਤੀ ਨੇ ਫੂਡ ਸਪਲੀਮੈਂਟਾਂ ਦੀ ਆੜ ਵਿੱਚ ਨਕਲੀ ਦਵਾਈਆਂ ਬਣਾਉਣ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਿਸਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਸ਼ਹਿਰ ਵਿੱਚ ਪੁਲਿਸ ਮੁਕਾਬਲੇ ਤੋਂ ਬਾਅਦ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦੇਈਏ ਕੇ ਜ਼ੀਰਕਪੁਰ ਪੁਲਿਸ ਦਾ ਦਾਅਵਾ ਹੈ ਕਿ ਲਵਿਸ਼ ਗਰੋਵਰ, ਜਿਸਦੀ ਐਨਕਾਊਂਟਰ ਵਿੱਚ ਲੱਤ ‘ਚ ਗੋਲੀ ਲੱਗੀ ਸੀ, ਦੇ ਮਾਮਲੇ ਦੀ ਜਾਂਚ ਦੌਰਾਨ, ਉਸਦਾ ਇੱਕ ਹੋਰ ਫਲੈਟ ਮਿਲਿਆ ਹੈ ਜਿਸ ਵਿੱਚ ਅਜਿਹੇ ਫੂਡ ਸਪਲੀਮੈਂਟ ਤਿਆਰ ਕੀਤੇ ਜਾਂਦੇ ਸਨ ਅਤੇ ਬਾਜ਼ਾਰ ਵਿੱਚ ਵੇਚੇ ਜਾਂਦੇ ਸਨ।
ਇਸ ਮਾਮਲੇ ਦੀ ਜਾਂਚ ਹੁਣ ਪੰਜਾਬ ਦੇ ਫੂਡ ਐਂਡ ਡਰੱਗਜ਼ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਫਲੈਟ ਦੀ ਤਲਾਸ਼ੀ ਦੌਰਾਨ, ਗੋਲੀਆਂ, ਕੈਪਸੂਲ ਅਤੇ ਟੀਕੇ ਸਮੇਤ ਫੂਡ ਸਪਲੀਮੈਂਟਾਂ ਨਾਲ ਭਰਿਆ ਇੱਕ ਟਰੱਕ ਮਿਲਿਆ, ਜਿਸ ਵਿੱਚ ਪੈਕਿੰਗ ਮਸ਼ੀਨਾਂ ਅਤੇ ਲੇਬਲ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਵਿਭਾਗ ਨੇ ਜ਼ਬਤ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 21 ਮਾਰਚ ਸ਼ੁੱਕਰਵਾਰ ਰਾਤ ਨੂੰ ਜ਼ੀਰਕਪੁਰ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਅਪਰਾਧਿਕ ਪਿਛੋਕੜ ਵਾਲਾ ਅਤੇ ਅਫੀਮ ਸਪਲਾਈ ਦੇ ਕਾਰੋਬਾਰ ਵਿੱਚ ਸ਼ਾਮਲ ਲਵਿਸ਼ ਗਰੋਵਰ ਨੇੜਲੇ ਪਿੰਡ ਸਿੰਘਪੁਰਾ ਵਿੱਚ ਸਥਿਤ ਸ਼ਿਵਾ ਹੋਮਜ਼ ਦੇ ਫਲੈਟ ਨੰਬਰ 12ਸੀ ਵਿੱਚ ਮੌਜੂਦ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਫਲੈਟ ‘ਤੇ ਛਾਪਾ ਮਾਰਿਆ ਤਾਂ ਲਵਿਸ਼ ਗਰੋਵਰ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ, ਜਵਾਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਲਵਿਸ਼ ਗਰੋਵਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਡੇਰਾਬੱਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਲਵਿਸ਼ ਗਰੋਵਰ ਤੋਂ ਕਈ ਅਵੈਧ ਹਥਿਆਰ ਦੇ ਨਾਲ ਅਫੀਮ ਵੀ ਬਰਾਮਦ ਕੀਤੀ ਗਈ ਸੀ। ਲਵਿਸ਼ ਗਰੋਵਰ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਉਸਦੇ ਇੱਕ ਹੋਰ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਸੇਰੇ, ਥਾਣਾ ਚੀਮਾ, ਜ਼ਿਲ੍ਹਾ ਸੰਗਰੂਰ, ਜੋ ਕਿ ਜਿੰਮ ਟ੍ਰੇਨਰ ਵਜੋਂ ਕੰਮ ਕਰਦਾ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ, 12 ਕਾਰਤੂਸ ਅਤੇ 700-800 ਗ੍ਰਾਮ ਅਫੀਮ ਬਰਾਮਦ ਕੀਤੀ। ਦੋਵਾਂ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।