ਪ੍ਰਯਾਗਰਾਜ ‘ਚ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ‘ਤੇ ਬੁੱਧਵਾਰ ਨੂੰ ਬਾਹੂਬਲੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ 76 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਗਈ। ਐਸਪੀ (ਸਿਟੀ) ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਅਤੀਕ ਅਹਿਮਦ ਖ਼ਿਲਾਫ਼ ਥਾਣਾ ਧੂਮਨਗੰਜ ਵਿੱਚ ਗੈਂਗਸਟਰ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਜਾਇਦਾਦ ਦਾ ਪਤਾ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦਿੱਤੀ ਗਈ ਰਿਪੋਰਟ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ 20 ਅਗਸਤ 2022 ਨੂੰ ਅਤੀਕ ਅਹਿਮਦ ਦੀਆਂ ਤਿੰਨ ਅਚੱਲ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੀ ਪਾਲਣਾ ਕਰਦਿਆਂ ਬੁੱਧਵਾਰ ਨੂੰ ਇਹ ਜਾਇਦਾਦਾਂ ਕੁਰਕ ਕੀਤੀਆਂ ਗਈਆਂ |
ਇਹ ਵੀ ਪੜ੍ਹੋ : ਕੀ ਬਿਲਕੀਸ ਦੇ ਦੋਸ਼ੀ ਫਿਰ ਜਾਣਗੇ ਸਲਾਖਾਂ ਪਿੱਛੇ?
ਸਿੰਘ ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਦਾ ਰਕਬਾ 12 ਵਿੱਘੇ ਤੋਂ ਵੱਧ ਹੈ ਅਤੇ ਬਾਜ਼ਾਰ ਵਿਚ ਇਸ ਦੀ ਅੰਦਾਜ਼ਨ ਕੀਮਤ 76 ਕਰੋੜ ਰੁਪਏ ਹੈ। ਕੁਰਕੀ ਦੀ ਕਾਰਵਾਈ ਦੌਰਾਨ ਐਸਡੀਐਮ (ਸਦਰ) ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ‘ਚ ਮਾਫੀਆ ਖਿਲਾਫ ਪੁਲਸ ਦਾ ਅਭਿਆਨ ਚੱਲ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਜ਼ੁਰਮ ਤੋਂ ਹਾਸਲ ਕੀਤੀ ਨਾਜਾਇਜ਼ ਜਾਇਦਾਦ ਬਾਰੇ ਪਤਾ ਚੱਲਦਾ ਹੈ, ਉਸ ਦੀ ਰਿਪੋਰਟ ਦੇ ਕੇ ਕੁਰਕੀ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 12 ਅਗਸਤ ਨੂੰ ਪ੍ਰਯਾਗਰਾਜ ਪੁਲਿਸ ਨੇ ਕੌਸ਼ਾਂਬੀ ਵਿੱਚ ਅਤੀਕ ਅਹਿਮਦ ਦੀ 24 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਸੀ। ਇਸ ਸਮੇਂ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਵਿੱਚ ਨਜ਼ਰਬੰਦ ਅਤੀਕ ਅਹਿਮਦ ਖ਼ਿਲਾਫ਼ ਪ੍ਰਯਾਗਰਾਜ ਦੇ ਧੂਮਨਗੰਜ ਥਾਣੇ ਵਿੱਚ ਘੱਟੋ-ਘੱਟ 100 ਕੇਸ ਦਰਜ ਹਨ।