Indian Needs Permit for These Places: ਬਹੁਤ ਸਾਰੇ ਦੇਸ਼ ਹਨ ਜਿੱਥੇ ਇੱਕ ਭਾਰਤੀ ਨੂੰ ਜਾਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ। ਭਾਰਤੀਆਂ ਨੂੰ ਇਨ੍ਹਾਂ ਦੇਸ਼ਾਂ ‘ਚ ਬਗੈਰ ਵੀਜ਼ਾ ਦੇ ਐਂਟਰੀ ਨਹੀਂ ਮਿਲਦੀ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ‘ਚ ਵੀ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਜਾਣ ਲਈ ਖੁਦ ਭਾਰਤੀਆਂ ਨੂੰ ਵੀ ਇਜਾਜ਼ਤ ਦੀ ਲੋੜ ਹੁੰਦੀ ਹੈ। ਇਸਨੂੰ ਈਨਰ ਲਾਈਨ ਪਰਮਿਟ ਜਾਂ ILP ਵਜੋਂ ਵੀ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਈਨਰ ਲਾਈਨ ਪਰਮਿਟ ਦਾ ਨਿਯਮ ਨਵਾਂ ਨਹੀਂ ਹੈ।
ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜਾਣ ਲਈ ਖੁਦ ਭਾਰਤੀਆਂ ਨੂੰ ਵੀ ਪਰਮਿਟ ਦੀ ਲੋੜ ਹੁੰਦੀ ਹੈ ਅਤੇ ਬਿਨਾਂ ਪਰਮਿਟ ਦੇ ਭਾਰਤੀ ਇੱਥੇ ਐਂਟਰੀ ਨਹੀਂ ਕਰ ਸਕਦੇ।
ਅਰੁਣਾਚਲ ਪ੍ਰਦੇਸ਼— ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਮਿਆਂਮਾਰ, ਭੂਟਾਨ ਅਤੇ ਚੀਨ ਨੂੰ ਛੂੰਹਦੀ ਹੈ। ਇਸੇ ਕਰਕੇ ਇਹ ਖੇਤਰ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਸਥਾਨਕ ਲੋਕਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਇੱਥੇ ਆਉਣ ਲਈ ਈਨਰ ਲਾਈਨ ਪਰਮਿਟ ਦੀ ਲੋੜ ਹੁੰਦੀ ਹੈ। ਸਿੰਗਲ ਪਰਮਿਟ ਅਤੇ ਗਰੁੱਪ ਪਰਮਿਟ ਦੀ ਕੀਮਤ 100 ਰੁਪਏ ਪ੍ਰਤੀ ਵਿਅਕਤੀ ਹੈ ਅਤੇ ਇਹ ਪਰਮਿਟ 30 ਦਿਨਾਂ ਲਈ ਵੈਧ ਰਹਿੰਦਾ ਹੈ। ਤੁਸੀਂ ਇੱਥੇ ਜਾਣ ਲਈ ਆਨਲਾਈਨ ਪਰਮਿਟ ਵੀ ਲੈ ਸਕਦੇ ਹੋ।
ਨਾਗਾਲੈਂਡ— ਨਾਗਾਲੈਂਡ ਦੀ ਸਰਹੱਦ ਮਿਆਂਮਾਰ ਨੂੰ ਛੂੰਹਦੀ ਹੈ ਅਤੇ ਇੱਥੇ 16 ਤਰ੍ਹਾਂ ਦੇ ਕਬਾਇਲੀ ਭਾਈਚਾਰੇ ਰਹਿੰਦੇ ਹਨ। ਜਿਹੜੇ ਲੋਕ ਇਸ ਸਥਾਨ ‘ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਈਨਰ ਲਾਈਨ ਪਰਮਿਟ ਦੀ ਲੋੜ ਹੁੰਦੀ ਹੈ।
ਮਿਜ਼ੋਰਮ- ਮਿਜ਼ੋਰਮ ਮਿਆਂਮਾਰ ਅਤੇ ਬੰਗਲਾਦੇਸ਼ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ ਅਤੇ ਕਈ ਕਬਾਇਲੀ ਭਾਈਚਾਰਿਆਂ ਦਾ ਘਰ ਵੀ ਹੈ। ਇਸ ਸੁੰਦਰ ਸਥਾਨ ‘ਤੇ ਜਾਣ ਲਈ ਵੀ ਈਨਰ ਲਾਈਨ ਪਰਮਿਟ ਦੀ ਲੋੜ ਹੁੰਦੀ ਹੈ। ਮਿਜ਼ੋਰਮ ਜਾਣ ਲਈ 2 ਕਿਸਮ ਦੇ ਪਰਮਿਟ ਉਪਲਬਧ ਹਨ – ਇੱਕ ਪਰਮਿਟ ਸਿਰਫ 15 ਦਿਨਾਂ ਲਈ ਵੈਧ ਹੁੰਦਾ ਹੈ ਜਦੋਂ ਕਿ ਦੂਜਾ ਪਰਮਿਟ 6 ਮਹੀਨਿਆਂ ਲਈ ਵੈਧ ਹੁੰਦਾ ਹੈ।
ਸਿੱਕਮ ਦੇ ਸੁਰੱਖਿਅਤ ਖੇਤਰ – ਜੇਕਰ ਤੁਸੀਂ ਸਿੱਕਮ ਦੇ ਸੁਰੱਖਿਅਤ ਖੇਤਰਾਂ ਦਾ ਦੌਰਾ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਈਨਰ ਲਾਈਨ ਪਰਮਿਟ ਦੀ ਜ਼ਰੂਰਤ ਹੈ। ਤੁਸੀਂ ਵਿਸ਼ੇਸ਼ ਪਰਮਿਟ ਲੈਣ ਲਈ ਟੂਰ ਆਪਰੇਟਰਾਂ ਜਾਂ ਟਰੈਵਲ ਏਜੰਟਾਂ ਦੀ ਮਦਦ ਵੀ ਲੈ ਸਕਦੇ ਹੋ।
ਲਕਸ਼ਦੀਪ— ਯਾਤਰੀਆਂ ਨੂੰ ਲਕਸ਼ਦੀਪ ਜਾਣ ਲਈ ਵੀ ਪਰਮਿਟ ਦੀ ਲੋੜ ਹੁੰਦੀ ਹੈ। ਪਰਮਿਟ ਲਈ ਤੁਹਾਨੂੰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਹੁੰਦੀ ਹੈ, ਇਸ ਤੋਂ ਇਲਾਵਾ ਤੁਹਾਡੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ। ਕਲਿਅਰੈਂਸ ਮਿਲਣ ਤੋਂ ਬਾਅਦ ਅੱਗੇ ਪ੍ਰੋਸੈਸ ਸ਼ੁਰੂ ਹੁੰਦਾ ਹੈ।
ਮਨੀਪੁਰ— ਭਾਰਤੀਆਂ ਨੂੰ ਵੀ ਮਨੀਪੁਰ ਜਾਣ ਲਈ ਪਰਮਿਟ ਦੀ ਲੋੜ ਹੁੰਦੀ ਹੈ। ਇੱਥੇ ਜਾਣ ਤੋਂ ਪਹਿਲਾਂ, ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਆਪਣੇ ਵੈਧ ਪਛਾਣ ਪੱਤਰ ਨਾਲ ਲੈ ਜਾਓ।
ਲੱਦਾਖ ਦੀਆਂ ਕੁਝ ਥਾਵਾਂ ‘ਤੇ ਜਾਣ ਲਈ ਵੀ ਲੈਣਾ ਪੈਂਦਾ ਪਰਮਿਟ- ਲੱਦਾਖ ਦੀ ਸਰਹੱਦ ਚੀਨ ਅਤੇ ਪਾਕਿਸਤਾਨ ਨੂੰ ਛੂੰਹਦੀ ਹੈ, ਜਿਸ ਕਾਰਨ ਇਸ ਨੂੰ ਬਹੁਤ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਪੈਂਗੋਂਗ, ਖਾਰਦੁਂਗਲਾ ਪਾਸ ਅਤੇ ਨੂਬਰਾ ਵੈਲੀ ਵਰਗੀਆਂ ਥਾਵਾਂ ‘ਤੇ ਜਾਣ ਲਈ ਤੁਹਾਨੂੰ ਵਿਸ਼ੇਸ਼ ਪਰਮਿਟ ਦੀ ਲੋੜ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h