ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਚ 5 ਮਈ 1479 ਈ. ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਗੁਰੂ ਜੀ ਚੌਹਾਂ ਭਰਾਵਾਂ ’ਚੋਂ ਸਭ ਤੋਂ ਵੱਡੇ ਸਨ। ਦੂਜੇ ਭਾਈ ਈਸ਼ਰ ਦਾਸ ਜੀ ਸਨ, ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਤੀਜੇ ਭਾਈ ਖੇਮ ਰਾਜ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਚੌਥੇ ਭਾਈ ਮਾਣਕ ਚੰਦ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਅਮਰੋ ਵਿਆਹੀ ਹੋਈ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ
ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿਚ ਕੇਵਲ ਦੱਸ ਸਾਲ ਛੋਟੇ ਸਨ। ਪਰ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਜੀ ਦੀ ਮੁਲਾਕਾਤ ਨਹੀਂ ਸੀ ਹੋਈ। ਉਸ ਸਮੇਂ ਨਾ ਤਾਂ ਸ਼ਹਿਰ ਅੰਮ੍ਰਿਤਸਰ ਸੀ ਅਤੇ ਨਾ ਹੀ ਡੇਰਾ ਬਾਬਾ ਨਾਨਕ ਵਜੂਦ ਵਿਚ ਆਏ ਸਨ। ਸੰਨ 1541ਈ. ’ਚ 21ਈਂ. ਵਾਰੀ ਗੁਰੂ ਅਮਰਦਾਸ ਜੀ ਗੰਗਾ ਇਸ਼ਨਾਨ ਵਾਸਤੇ ਹਰਿਦੁਆਰ ਗਏ। ਉਨ੍ਹਾਂ ਸਮਿਆਂ ’ਚ ਪੈਦਲ ਕਿਸੇ ਸੰਗ ਨਾਲ ਜਾਣਾ ਪੈਂਦਾ ਸੀ। ਮੁੜਦੇ ਵਾਰੀ ਜਦੋਂ ਗੁਰੂਦੇਵ ਵਾਪਸ ਪੰਜਾਬ ਆ ਰਹੇ ਸਨ ਤਾਂ ਉਨ੍ਹਾਂ ਨਾਲ ਇਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ, ਜੋ ਬਾਸਰਕੇ ਤੱਕ ਉਨ੍ਹਾਂ ਨਾਲ ਹੀ ਆਇਆ। ਪਰ ਜਦੋਂ ਇਥੇ ਆ ਕੇ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਉਸ ਨੂੰ ਇਕ ਨਿਗੁਰੇ ਪੁਰਸ਼ ਨਾਲ ਸੰਗ ਕਰਨ ’ਤੇ ਮਾਨਸਿਕ ਤੌਰ ਤੋਂ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। ਉਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਵਿਚ ਜਾਣ ਦਾ ਪੱਕਾ ਫੈਸਲਾ ਕਰ ਲਿਆ। ਇਕ ਦਿਨ ਗੁਰੂ ਅਮਰਦਾਸ ਜੀ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਉਨ੍ਹਾਂ ਦੇ ਮੁੱਖੋ ਇਹ ਸ਼ਬਦ ਸੁਣਿਆ…
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਨੂੰ ਪ੍ਰੇਮ ਜਾਗਿਆ ਅਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਦਿਲ ਵਿਚ ਪ੍ਰੇਮ ਠਾਠਾਂ ਮਾਰ ਰਿਹਾ ਸੀ। ਇਸ ਲਈ ਗੁਰੂ ਜੀ ਵੈਸ਼ਨਵ ਸਾਧ ਦੇ ਚਲੇ ਜਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।
ਗੁਰੂਭਗਤੀ, ਘਾਲ ਕਮਾਈ ਅਤੇ ਗੁਰਿਆਈ
ਭਾਵੇਂ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਪਰ ਉਨ੍ਹਾਂ ਦੇ ਅੰਦਰ ਸੇਵਾ ਭਾਵਨਾ ਦੀ ਉਮੰਗ ਅਤੇ ਦਿਲ ਵਿਚ ਉਤਸ਼ਾਹ ਵੀ ਬਹੁਤ ਸੀ। ਇਸ ਲਈ ਗੁਰੂ ਜੀ ਜਵਾਨਾਂ ਵਾਂਗ ਗੁਰੂ ਸੇਵਾ ਵਿਚ ਜੁੱਟ ਗਏ ਸਨ। ਦਿਨ ਰਾਤ ਇਕੋ ਲਗਨ ਵਿਚ ਲੱਗੇ ਰਹਿੰਦੇ ਸਨ। ਉਸ ਸਮੇਂ ਦਰਿਆ ਬਿਆਸ ਖਡੂਰ ਸਾਹਿਬ ਤੋਂ ਤਿੰਨ ਕੁ ਮੀਲ ਦੀ ਵਿੱਥ ’ਤੇ ਸੀ। ਗੁਰੂ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰ ਕੇ ਲਿਆਉਂਦੇ (ਕੁਝ ਇਕ ਇਤਿਹਾਸਕਾਰਾਂ ਨੇ ਗੋਇੰਦਵਾਲ ਸਾਹਿਬ ਵਿਚ ਗੁਰੂ ਜੀ ਦੇ ਸਾਂਝੇ ਖੂਹ ਤੋਂ ਜਲ ਲਿਆਉਣ ਦਾ ਵੀ ਲਿਖਿਆ ਹੈ, ਜੋ ਕਿ ਜਿਆਦਾ ਠੀਕ ਲੱਗਦਾ ਹੈ)। ਦਿਨ ਵੇਲੇ ਲੰਗਰ ਵਿਚ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਪੱਖਾ ਝੱਲਣਾ ਆਦਿ ਸੇਵਾ ਵਿਚ ਲੱਗੇ ਰਹਿੰਦੇ ਪਰ ਮਨ ਕਰਕੇ ਕਰਤਾਰ ਨਾਲ ਜੁੜੇ ਰਹਿੰਦੇ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲੈਕੇ ਪੜ੍ਹਦੇ ਰਹਿਣ ਕਰਕੇ ਹਿਰਦੇ ਵਿਚ ਇਲਾਹੀ ਕਾਵਿ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ। ਲਗਾਤਾਰ ਸੇਵਾ ਦਾ ਅਸਰ ਗੁਰੂ ਅੰਗਦ ਸਾਹਿਬ ਜੀ ਤੇ ਪੈਣਾ ਹੀ ਸੀ। ਆਪ ਉਮਰ ਵਡੇਰੀ ਹੋਣ ਕਰਕੇ ਇਕ ਹਨੇਰੀ ਸਿਆਲੀ ਰਾਤ ਨੂੰ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉਂਦੇ ਖਡੂਰ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਕ ਹੀ ਜੁਲਾਹੀ ਨੇ ਆਪ ਨੂੰ ‘ਨਿਥਾਵਾਂ’ ਆਖ ਦਿੱਤਾ। ਇਹ ਘਟਨਾ 1552 ਦੀ ਹੈ। ਉਦੋ ਗੁਰੂ ਅਮਰਦਾਸ ਜੀ ਦੀ ਉਮਰ 73 ਸਾਲ ਦੀ ਹੋ ਚੁੱਕੀ ਸੀ। ਸ੍ਰੀ ਗੁਰੂ ਅੰਗਦ ਦੇਵ ਦੀ ਨੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ, ਨਾਨਕ ਬਾਣੀ ਅਤੇ ਭਗਤ ਬਾਣੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਅਤੇ ਬਚਨ ਕੀਤਾ ਸ੍ਰੀ ਅਮਰਦਾਸ ਜੀ ਨਿਆਸਰਿਆਂ ਦੇ ਆਸਰੇ ਅਤੇ ਨਿਥਾਵਿਆਂ ਦੇ ਥਾਂਵ ਹੋਣਗੇ।
ਗੋਇੰਦਵਾਲ ਗੁਰਮਤਿ ਪ੍ਰਚਾਰ ਕੇਂਦਰ
ਸ੍ਰੀ ਗੁਰੂ ਅੰਗਦ ਦੇਵ ਦੀ 29 ਮਾਰਚ 1552 ਈ. ਨੂੰ ਜੋਤੀ ਜੋਤਿ ਸਮਾਏ। ਉਸੇ ਦਿਨ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਦਾ ਭਾਰ ਸੰਭਾਲ ਲਿਆ। ਗੋਇੰਦਵਾਲ ਨੂੰ ਸਿੱਖੀ ਦਾ ਕੇਂਦਰ ਬਣਾਇਆ।
ਬੀਬੀ ਭਾਨੀ ਜੀ ਦਾ ਵਿਆਹ
ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਵਿਆਹੁਣਯੋਗ ਹੋ ਗਈ ਸੀ। ਗੁਰੂ ਜੀ ਨੇ ਸੰਨ 1557 ਈ. ’ਚ ਬਾਸਰਕੇ ਪਿੰਡ ਅੰਦਰ ਭਾਈ ਜੇਠਾ ਜੀ ਨੂੰ ਦੇਖਿਆ ਸੀ, ਜੋ ਉਸ ਵੇਲੇ ਯਤੀਮ ਸਨ। ਜਦ ਗੁਰੂ ਜੀ ਗੋਇੰਦਵਾਲ ਆ ਗਏ, ਤਦ ਜੇਠਾ ਜੀ ਵੀ ਇਥੇ ਆ ਕੇ ਗੁਰੂ ਘਰ ਦੀ ਟਹਿਲ-ਸੇਵਾ ਤਨ ਅਤੇ ਮਨ ਨਾਲ ਕਰਦੇ ਰਹੇ। ਸਤਿਗੁਰੂ ਜੀ ਨੇ ਜੇਠਾ ਜੀ ਨੂੰ ਇਕ ਯੋਗ ਵਰ ਦੇਖ ਕੇ ਬੀਬੀ ਭਾਨੀ ਜੀ ਦਾ ਵਿਆਹ ਉਨ੍ਹਾ ਨਾਲ ਕਰ ਦਿੱਤਾ।
ਗੋਇੰਦਵਾਲ ਸਾਹਿਬ ਰੌਣਕਾਂ
ਸਿੱਖ ਧਰਮ ਦਾ ਪ੍ਰਚਾਰ-ਕੇਂਦਰ ਹੁਣ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਬਣ ਗਿਆ ਸੀ। ਗੁਰੂ ਸਿੱਖਾਂ ਅਤੇ ਹੋਰ ਸ਼ਰਧਾਲੂ ਲੋਕਾਂ ਦੀ ਆਵਾਜਾਈ ਗੋਇੰਦਵਾਲ ਹੋ ਗਈ। ਗੁਰਸਿੱਖਾਂ ਦੀ ਗਿਣਤੀ ਦਿਨੋ ਦਿਨ ਵੱਧਣ ਲਗੀ। ਇਹ ਨਗਰੀ ਸ਼ਾਹੀ ਸੜਕ ਉੱਪਰ ਵਸੀ ਸੀ। ਇਸ ਲਈ ਲੋਕ ਇਥੇ ਵਸਣੇ ਸ਼ੁਰੂ ਹੋ ਗਏ। ਇਥੋਂ ਦਾ ਵਪਾਰ ਵੀ ਵੱਧ ਗਿਆ। ਗੋਇੰਦਵਾਲ ਨਵੀਆਂ ਇਮਾਰਤਾਂ ਦੀ ਉਸਾਰੀ ਹੋਣ ਲੱਗ ਪਈ। ਇਮਾਰਤੀ ਲੱਕੜੀ ਲੈਣ ਲਈ ਸਾਵਣ ਮੱਲ ਜੀ ਹਰੀਪੁਰ ਗਏ। ਹਰੀਪੁਰ ਦਾ ਰਾਜਾ, ਹੋਰ ਪਹਾੜੀਏ ਗੁਰੂ ਜੀ ਦੇ ਸਿੱਖ ਬਣ ਗਏ। ਇਸ ਤਰ੍ਹਾਂ ਰੌਣਕਾਂ ਵੱਧ ਗਈਆਂ।
ਗੁਰੂ ਕਾ ਲੰਗਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੂਆ-ਛਾਤ, ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰਿਆਂ ਨੂੰ ਅੱਖੀ ਡਿਠਾ ਸੀ। ਸਮਾਜ ਵਿਚੋਂ ਇਸ ਨਫਰਤ ਦੇ ਵਿਤਕਰੇ ਨੂੰ ਦੂਰ ਕਰਨ ਲਈ ‘ਗੁਰੂ ਕੇ ਲੰਗਰ’ ਦੀ ਪ੍ਰਥਾ ਚਲਾਈ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਚ ਲੰਗਰ ਜਾਰੀ ਰੱਖਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਗੋਇੰਦਵਾਲ ਸਾਹਿਬ ਵਿਖੇ ਲੰਗਰ ਜਾਰੀ ਰੱਖਿਆ। ਗਰੀਬਾਂ ਉੱਪਰ ਹੁੰਦੀ ਵਧੀਕੀ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਹੁਕਮ ਦਿੱਤਾ ਕਿ ਸੰਗਤ ਪੰਗਤ ਦੇ ਸਿਧਾਂਤ ਅਨੁਸਾਰ ‘ ਗੁਰੂ ਕੇ ਲੰਗਰ ’ਚ’ ਕੇਵਲ ਉਨ੍ਹਾਂ ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇਗੀ, ਜੋ ‘ਗੁਰੂ ਕੇ ਲੰਗਰ’ ਵਿਚ ਸਭ ਨਾਲ ਰਲ ਮਿਲ ਕੇ ਇਕ ਪੰਗਤ ਵਿੱਚ ਬੈਠ ਲੰਗਰ ਛਕਣਗੇ। ਗੁਰੂ ਜੀ ਰੋਜ਼ ਗੁਰੂ ਦਰਬਾਰ ਵਿਚ ਪ੍ਰਚਾਰ ਕਰਦੇ ਸਨ ਕਿ ਕਿਸੇ ਨੂੰ ਵੀ ਨੀਵਾਂ ਕਹਿ ਕੇ ਨਾ ਦੁਰਕਾਰੋ। ਕਿਸੇ ਵੀ ਸ਼ੂਦਰ ਨੂੰ ਚੰਡਾਲ ਨਾ ਕਹੋ। ਗੁਰੂ ਜੀ ਦੀ ਇਸ ਮਾਨਵੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਮਾਈ ਦਾਸ ਮਸ਼ਹੂਰ ਕੱਟੜ ਪੰਡਿਤ ਨੇ ਛੂਤ ਛਾਤ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਦਾ ਸਮਰਥਨ ਦਿੰਦਿਆਂ ਹੋਇਆਂ ਇਕ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਿਆ ਅਤੇ ਛੂਤਛਾਤ ਦੇ ਭਰਮ ਨੂੰ ਮਿੱਟੀ ਵਿਚ ਮਿਲਾਇਆ।
ਗੋਇੰਦਵਾਲ ਵਿਦਿਆ ਦਾ ਕੇਂਦਰ
ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਮਜ਼ਹਬਾਂ ਧਰਮਾਂ ਅਤੇ ਸੰਪ੍ਰਦਾਵਾਂ ਦੇ ਵਿਤਕਰਿਆਂ ਤੋਂ ਬਹੁਤ ਦੂਰ ਸੀ। ਹਰੇਤ ਧਰਮ ਦਾ ਵਿਅਕਤੀ ਉਨ੍ਹਾਂ ਦੇ ਦਰਬਾਰ ਵਿਚ ਸ਼ਾਮਲ ਹੋ ਕੇ ਗਿਆਨ ਪ੍ਰਾਪਤੀ ਕਰਦਾ ਸੀ। ਹਰ ਰੋਜ਼ ਸਤਸੰਗਿ ਨੇਮ ਨਾਲ ਹੁੰਦਾ ਸੀ। ਇਸ ਵਿਦਿਅਕ ਕੇਂਦਰ ਤੋਂ ਵਿਦਿਅਕ ਲਾਭ ਲੈਣ ਲਈ ਵਿਦਵਾਨ ਪੰਡਿਤ, ਕਵੀ ਜਨ, ਕਲਾਕਾਰ, ਸੰਗੀਤ ਵੇਤਾ, ਸ਼ਿਲਪਕਾਰ, ਮੁਸਲਮਾਨ ਫਕੀਰ ਦਰਵੇਸ਼ ਅਤੇ ਸੂਫੀ ਅਤੇ ਹੋਰ ਮੁਸਲਮਾਨ ਆਲਮ ਫਾਜ਼ਲ ਵੀ ਇਕੱਠੇ ਹੁੰਦੇ ਹਨ। ਗੋਸ਼ਟੀਆਂ ਹੁੰਦੀਆਂ ਸਨ। ਵਿਚਾਰ ਵਟਾਂਦਰੇ ਖੁੱਲ੍ਹ ਕੇ ਕੀਤੇ ਜਾਂਦੇ ਸਨ। ਅਸਲ ਵਿਚ ਗੋਇੰਦਵਾਲ ਇਕ ਵਿਸ਼ਵ ਵਿਦਿਆਲਾ ਬਣ ਗਿਆ ਸੀ।
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ
ਲੰਗਰ ਪ੍ਰਥਾ, ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ, ਜਿਸ ਨੂੰ ਮੰਨਣ ਵਾਲਿਆਂ ਦੀ ਇਕ ਤਕੜੀ ਸੰਗਤ ਬਣ ਗਈ ਪਰ ਵਿਰੋਧੀ ਵੀ ਉਥੇ ਸਨ। ਪਰ ਜਾਤ ਅਭਿਮਾਨੀਆਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨ ਲਈ ਗੋਇੰਦਵਾਲ ਦੇ ਸਾਂਝੇ ਖੂਹ ਤੋਂ ਸਿਖਾਂ ਨੂੰ ਪਾਣੀ ਭਰਨ ਦੀ ਮਨਾਹੀ ਕਰ ਦਿੱਤੀ। ਉਨ੍ਹਾਂ ਨੇ ਸਿੱਖਾ ਦੇ ਘੜੇ ਭੰਨ ਦੇਣੇ। ਸਿੱਖਾਂ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ। ਗੁਰੂ ਸਾਹਿਬ ਜੀ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਸ ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 1559 ਈ. ’ਚ 84 ਪਾਉੜੀਆਂ ਵਾਲੀ ਬਾਓਲੀ ਬਣਵਾਈ। ਜਿਸ ਵਿਚ ਹਰ ਇਕ ਨੂੰ ਪਾਣੀ ਭਰਨ, ਇਸ਼ਨਾਨ ਕਰਨ ਦੀ ਖੁੱਲ੍ਹ ਸੀ।
22 ਮੰਜੀਆਂ ਦੀ ਸਥਾਪਨਾ
ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਨਗੀ ਹੇਠ ਪ੍ਰਚਾਰਕ, ਮੰਜੀਆਂ ਥਾਪੀਆਂ। ਸਿੱਖਾਂ ਵਿਚ ਇਹਨਾਂ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜਰੂਰੀ ਵੀ ਹੋ ਗਿਆ ਸੀ। ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਿੱਖੀ ਦਾ ਮੁੱਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿਖ-ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ। ਇਨ੍ਹਾਂ ਵਿਚੋਂ ਭਾਈ ਅਲਾਯਾਰ, ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਭਾਈ ਪਾਰੋ ਜੁਲਕਾ, ਭਾਈ ਸੱਚਨ ਸੱਚ, ਭਾਈ ਸਾਵਣ ਮਲ, ਭਾਈ ਗੰਗੂਸ਼ਾਹ, ਭਾਈ ਲਾਲੂ ਵੈਦ ਅਤੇ ਮਥੋ-ਮੁਰਾਰੀ (ਪਤਨੀ ਅਤੇ ਪਤੀ) ਦੇ ਨਾਮ ਸਿਖ-ਇਤਿਹਾਸ ਵਿਚ ਉੱਘੇ ਹਨ। ਮਾਝੇ ਦੇ ਪਿੰਡਾਂ ਵਿਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ 1570 ਵਿਚ ਕੁਝ ਪਿੰਡਾ ਦੇ ਸਰਪੰਚਾਂ ਦੇ ਸਾਹਮਣੇ ਇਕ ਮੋੜ੍ਹੀ ਗਡਵਾ ਕੇ ਇਸ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿਤਾ।
ਜੋਤੀ ਜੋਤ
ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜਿਹਨਾਂ ਨੂੰ ਪੜ੍ਹਕੇ ਗੁਰਸੰਗਤਾਂ ਹਮੇਸ਼ਾ ਸੇਧ ਲੈਂਦੀਆਂ ਰਹਿਣਗੀਆਂ। ਆਪ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।