ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੇ ਆਪਣੇ ਪੰਜ ਦਿਨਾਂ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨਾਲ ਆਏ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੇ ਸੰਸਦ ਦਾ ਦੌਰਾ ਕੀਤਾ ਅਤੇ ਹਾਲੀਆ ਚੱਲ ਰਹੇ ਬਜਟ ਇਜਲਾਸ ਦੀ ਕਾਰਵਾਈ ਵੀ ਦੇਖੀ। ਨਿਊਜ਼ੀਲੈਂਡ ਦੇ ਇਸ ਉੱਚ-ਪੱਧਰੀ ਵਫ਼ਦ ‘ਚ ਕੀਵੀ ਸੰਸਦ ਮੈਂਬਰ, ਕਾਰੋਬਾਰੀ ਆਗੂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ।
ਨਿਊਜ਼ੀਲੈਂਡ ਵੱਲੋਂ ਆਏ ਇਸ ਉੱਚ-ਪੱਧਰੀ ਵਫ਼ਦ ‘ਚ ਉਨ੍ਹਾਂ ਦੇ ਮੌਜੂਦਾ ਸੰਸਦ ਮੈਂਬਰ ਐਂਡੀ ਫੋਸਟਰ, ਕਾਰਲੋਸ ਚੇਂਗ, ਪ੍ਰਿਯਾਂਕਾ ਰਾਧਾਕ੍ਰਿਸ਼ਨਨ, ਸਾਬਕਾ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਭਾਰਤ-ਨਿਊਜ਼ੀਲੈਂਡ ਵਪਾਰ ਪਰਿਸ਼ਦ ਦੇ ਸਰਪ੍ਰਸਤ ਭਵ ਢਿੱਲੋਂ ਸਣੇ ਆਕਲੈਂਡ ‘ਚ ਭਾਰਤ ਦੇ ਸਾਬਕਾ ਆਨਰੇਰੀ ਕੌਂਸਲ, ਭਾਈਚਾਰੇ ਤੇ ਕਾਰੋਬਾਰੀ ਆਗੂ ਸ਼ਾਮਲ ਸਨ। ਇਸ ਵਫ਼ਦ ਨੇ ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ।
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਭਵਨ ‘ਚ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਦੌਰੇ ਦੌਰਾਨ, ਰਾਜ ਸਭਾ ਮੈਂਬਰ ਸੰਧੂ ਨਾਲ ਆਏ ਵਫ਼ਦ ਨੇ ਵਿਸ਼ੇਸ਼ ਥਾਂ ਜਿਸਨੂੰ ਸਪੈਸ਼ਲ ਬਾਕਸ ਕਿਹਾ ਜਾਂਦਾ ਹੈ ‘ਤੋਂ ਸੰਸਦ ਦੀ ਕਾਰਵਾਈ ਵੀ ਦੇਖੀ ਗਈ।
ਉੱਚ-ਪੱਧਰੀ ਵਫ਼ਦ ਨੇ ਸੰਸਦ ਦੀ ਸੰਵਿਧਾਨਕ ਗੈਲਰੀ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸੰਸਦ ਮੈਂਬਰ ਸੰਧੂ ਨੇ ਉਨ੍ਹਾਂ ਨੂੰ ਭਾਰਤ ਦੀ ਸੰਸਦ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਵਫ਼ਦ ਨੂੰ ਲੋਕਤੰਤਰ ਵਜੋਂ ਭਾਰਤ ਦੀ ਯਾਤਰਾ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ।
ਆਰਟ ਗੈਲਰੀ ਦੇ ਦੌਰੇ ਦੌਰਾਨ, ਐੱਮਪੀ ਸੰਧੂ ਨੇ ਵਫ਼ਦ ਨੂੰ ਵਿਸ਼ਾਲ ਅਤੇ ਵਿਭਿੰਨ ਸੱਭਿਆਚਾਰਕ ਸਣੇ ਅਧਿਆਤਮਿਕ ਵਿਰਾਸਤ, ਸ਼ਿਲਪਕਾਰੀ, ਪਰੰਪਰਾਵਾਂ ਤੇ ਭਾਈਚਾਰਿਆਂ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਦਿੱਤੀ।
ਨਿਊਜ਼ੀਲੈਂਡ ਤੋਂ ਆਏ ਸਦਸ ਉਨ੍ਹਾਂ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗੁਵਾਈ ਵਾਲੇ ਉੱਚ ਪੱਧਰੀ ਵਫ਼ਦ ਦਾ ਹਿੱਸਾ ਹਨ। ਗੌਰਤਲਬ ਹੈ, ਪ੍ਰਧਾਨ ਮੰਤਰੀ ਦੇ ਤੌਰ ‘ਤੇ ਲਕਸਨ, 16 ਮਾਰਚ ਤੋਂ 20 ਮਾਰਚ ਤੱਕ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ‘ਤੇ ਹਨ। ਇਸ ਵਫਦ ‘ਚ ਅਧਿਕਾਰੀ, ਕਾਰੋਬਾਰਾਂ ਦੇ ਨੁਮਾਇੰਦੇ, ਭਾਈਚਾਰਕ ਪ੍ਰਵਾਸੀ, ਮੀਡੀਆ ਅਤੇ ਸੱਭਿਆਚਾਰਕ ਸਮੂਹ ਸ਼ਾਮਲ ਹਨ।