ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਅਤੇ ਹੋਰ ਦੇਸ਼ਾਂ ਵਿਚੋਂ ਵਾਪਸ ਲਿਆਈਆਂ ਗਈਆਂ ਭਾਰਤ ਦੀਆਂ ਪ੍ਰਾਚੀਨ ਧਰੋਹਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਣਾਏ ਜਾ ਰਹੇ ਮਿਊਜ਼ੀਅਮਾਂ ਤੇ ਪ੍ਰਦਰਸ਼ਨੀ ਕੇਂਦਰਾਂ ਵਿਚ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਗਦਰ ਪਾਰਟੀ ਤੇ ਇੰਡੀਆ ਹੋਮ ਲੀਗ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦਾ ਸੰਸਦ ’ਚ ਮੁੱਦਾ ਚੁੱਕਿਆ ਗਿਆ।
ਸੰਸਦ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਪ੍ਰਸ਼ਨਕਾਲ ਦੇ ਦੌਰਾਨ ਕੇਂਦਰੀ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਸਵਾਲ ਪੁੱਛਦਿਆਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਯੰਗ ਇੰਡੀਆ ਤੇ ਗਦਰ ਵਰਗੇ ਇਤਿਹਾਸਕ ਪੱਤਰਾਂ ਨੂੰ ਮੁੜ ਤੋਂ ਪ੍ਰਕਾਸ਼ਿਤ ਕਰਨ ਤੇ ਉਨ੍ਹਾਂ ਨੂੰ ਡਿਜੀਟਲ ਸੰਸਕਰਣਾਂ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਯੋਜਨਾ ਬਣਾ ਰਹੀ ਹੈ।
ਸੰਸਦ ਮੈਂਬਰ (ਰਾਜ ਸਭਾ) ਸੰਧੂ ਨੇ ਰਾਜ ਸਭਾ ਦੇ ਸਿਫ਼ਰ ਕਾਲ ਦੌਰਾਨ ਪ੍ਰਸ਼ਨ ਪੁੱਛਦਿਆਂ ਕਿਹਾ ਕਿ ਭਾਰਤ ਦੇ ਸਵਤੰਤਰਤਾ ਸੰਗਰਾਮ ਵਿਚ ਇੰਡੀਆ ਹੋਮ ਰੂਲ ਲੀਗ ਅਤੇ ਗਦਰ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਸੀ।
ਸੰਨ 1916 ਨਿਊਯਾਰਕ ’ਚ ਲਾਲਾ ਲਾਜਪਤ ਰਾਏ ਵੱਲੋਂ ਸਥਾਪਿਤ ਆਈਐੱਚਆਰਐੱਲ ਨੇ ਯੰਗ ਇੰਡੀਆ ਮੈਗਜ਼ੀਨ ਰਾਹੀਂ ਸਵੈ-ਸਾਸ਼ਨ, ਸਵੈ-ਨਿਰਭਰਤਾ ਤੇ ਰਾਸ਼ਟਰੀ ਚੇਤਨਾ ਬਾਰੇ ਜਾਗਰੂਕਤਾ ਫੈਲਾਉਣ ਦਾ ਕਾਰਜ਼ ਕੀਤਾ ਸੀ। ਇਸੇ ਤਰ੍ਹਾਂ ਗਦਰ ਪਾਰਟੀ ਨੇ ਆਪਣੇ ਅਖਬਾਰ ਗਦਰ ਦੇ ਮਾਧਿਅਮ ਰਾਹੀਂ ਪੂਰੀ ਦੁਨੀਆ ਵਿਚ ਬਿ੍ਰਟਿਸ਼ ਸ਼ਾਸਨ ਵਿਰੁੱਧ ਕ੍ਰਾਂਤੀ ਦੀ ਅਣਖ ਨੂੰ ਜਗਾਇਆ ਸੀ।